ਹਰਪ੍ਰੀਤ ਸਿੰਘ ਜਵੰਦਾ

th.jpeg

ਘਸਮੈਲੇ ਜਿਹੇ ਕੱਪੜੇ ਪਾਈ ਕਾਰਾਂ ਦੇ ਸ਼ੋ -ਰੂਮ ਵਿਚ ਤੁਰਿਆ ਫਿਰਦਾ “ਸਰਵਣ ਸਿੰਘ” ਅੱਜ ਇੰਜ ਲੱਗ ਰਿਹਾ ਸੀ ਜਿਵੇਂ ਕਿਸੇ ਥਰਡ ਕਲਾਸ ਵਾਲਾ ਬੰਦਾ ਗਲਤੀ ਨਾਲ ਰੇਲ ਦੇ ਫਸਟ ਕਲਾਸ ਏ.ਸੀ ਡੱਬੇ ਵਿਚ ਆਣ ਵੜਿਆ ਹੋਵੇ !
ਟਾਈਆਂ ਲਾਈ ਕੋਲੋਂ ਲੰਘਦੇ ਸੇਲਸ ਮੈਨ ਪਹਿਲਾਂ ਉਸ ਵੱਲ ਤੱਕਦੇ ਤੇ ਫੇਰ ਉਸਦੇ ਝੋਲੇ ਵੱਲ… ਤੇ ਫੇਰ ਮਸ਼ਕੜੀਆਂ ਵਿਚ ਹਾੱਸਾ ਹੱਸਦੇ ਕੋਲੋਂ ਲੰਘ ਜਾਂਦੇ !
ਥੋੜੀ ਦੇਰ ਮਗਰੋਂ ਇੱਕ ਫਾਈਲਾਂ ਚੱਕੀ ਸੇਲਸ ਮੈਨ ਉਸਦੇ ਕੋਲ ਆ ਆਖਣ ਲੱਗਾ ਆਜੋ ਸਰਵਣ ਸਿੰਘ ਜੀ “ਕਾਂਟਰੈਕਟ” ਸਾਈਨ ਕਰ ਲਈਏ …ਤੇ ਦੱਸ ਦਿਓ ਕਾਰ ਦੀ ਡਿਲੀਵਰੀ ਕਦੋਂ ਚਾਹੀਦੀ ਹੈ ?
ਦਸਤਖਤ ਕਰਨ ਮਗਰੋਂ ਝੋਲੇ ਵਿਚੋਂ ਹੌਲੀ ਜਿਹੀ ਸਾਢੇ ਤਿੰਨ ਲੱਖ ਦੇ ਬੰਡਲ ਟੇਬਲ ਤੇ ਢੇਰੀ ਕਰਦਾ ਹੋਇਆ ਆਖਣ ਲੱਗਾ ਕੇ 31 ਤਰੀਕ ਨੂੰ ਸ਼ਗਨ ਹੈ ਜੀ ਓਸੇ ਦਿਨ ਸੁਵੇਰੇ ਆ ਕੇ ਲੈ ਜਾਵਾਂਗਾ…ਪਹਿਲਾਂ ਲੈ ਗਿਆ ਤਾਂ ਘਰੇ ਆਟੋ ਜੋਗੀ ਥਾਂ ਨੀ ਬਚਣੀ ?
ਨਾਲ ਹੀ ਨਵੇਂ ਸਹੇੜੇ ਕੁੜਮ ਦੇ ਆਖੇ ਬੋਲ ਚੇਤੇ ਕਰ ਨੀਵੀਂ ਜਿਹੀ ਪਾ ਲਈ ਕੇ “ਸਰਵਣ ਸਿਆਂ ਸਾਨੂੰ ਹੋਰ ਕੁਝ ਨੀ ਚਾਹੀਦਾ ਸਿਰਫ ਪੰਜ-ਕੂ ਸੌ ਦੇ ਕਰੀਬ ਬਰਾਤ ਦੀ ਚੰਗੀ ਸੇਵਾ ਹੋ ਜਾਵੇ ਤੇ ਸ਼ਗਨ ਵਿਚ ਇੱਕ ਮੂੰਹ ਮੱਥੇ ਲੱਗਦੀ ਨਵੀਂ -ਨਕੋਰ ਏ ਸੀ ਕਾਰ ਤੇ ਇੱਕ ਹਾਈ-ਡੈਫੀਨੇਸ਼ਨ ਟੀਵੀ ਮਿਲ ਜਾਵੇ …ਬਾਕੀ ਕੁੜੀ ਤਾਂ ਅਸੀਂ ਤਿੰਨ ਕਪੜਿਆਂ ਵਿਚ ਹੀ ਲੈ ਜਾਣੀ !
ਕਾਗਜ਼ੀ ਕਾਰਵਾਈ ਮੁਕਾ ਕਾਹਲੀ ਨਾਲ ਬਾਹਰ ਨਿੱਕਲ ਆਟੋ ਰਿਕਸ਼ਾ ਸਟਾਰਟ ਕਰ ਰੇਲਵੇ ਸਟੇਸ਼ਨ ਨੂੰ ਹੋ ਤੁਰਿਆ ਜਿਥੇ ਬੰਬਿਓਂ ਆਉਂਦੀ ਫਰੰਟੀਅਰ ਮੇਲ ਦੀਆਂ ਸਵਾਰੀਆਂ ਚੁੱਕਣ ਦਾ ਟਾਈਮ ਹੋ ਗਿਆ ਸੀ ! ਟੇਸ਼ਨ ਵੱਲ ਨੂੰ ਤੁਰਿਆ ਜਾਂਦਾ ਸੋਚੀ ਜਾ ਰਿਹਾ ਸੀ ਕੇ ਕਿੰਨਾ ਜਰੂਰੀ ਹੁੰਦਾ ਹੈ ਇਹਨਾਂ ਮੌਕਿਆਂ ਤੇ ਧੀਆਂ ਦੀਆਂ ਜੰਮਦਾਤੀਆਂ ਦਾ ਜਿਉਂਦੇ ਹੋਣਾ …ਲੱਖ ਦੁੱਖ ਸੁੱਖ ਅਕਲਾਂ ਸਲਾਹਾਂ ਤੇ ਹੋਰ ਸਮਝਾਉਣ ਵਾਲੀਆਂ ਕਈ ਗੱਲਾਂ …ਮੇਰੇ ਨਾਲ ਤੇ ਹੁਣ ਅੱਖਾਂ ਮਿਲਾਉਣ ਤੋਂ ਵੀ ਝੱਕਦੀ ਹੈ ਜਿਉਣ ਜੋਗੀ !
ਦੂਜੇ ਪਾਸੇ ਸ਼ੋ-ਰੂਮ ਵਿਚ ਸਰਵਣ ਸਿੰਘ ਨੂੰ ਕਾਰ ਵੇਚਣ ਵਾਲੇ ਮਹਿਤਾ ਸਾਬ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਨਿਰੰਤਰ ਜਾਰੀ ਸੀ …ਪਰ ਮਹਿਤਾ ਜੀ ਆਪਣੀ ਨਿੱਕੀ ਧੀ ਦੀ ਐਕਟਿਵਾ ਦੀਆਂ ਕਿਸ਼ਤਾਂ ਤੇ ਟਯੂਸ਼ਨ ਦੀ ਫੀਸ ਦੇ ਹੋਏ ਬੰਦੋਬਸਤ ਕਰਕੇ ਰੱਬ ਦਾ ਲੱਖ ਲੱਖ ਸ਼ੁਕਰਾਨਾ ਕਰ ਰਹੇ ਸਨ !
ਮਜਬੂਰੀ ਵੱਸ ਪਏ ਦੋ ਇਨਸਾਨ ਜਿੰਦਗੀ ਦੇ ਸੰਘਰਸ਼ ਵਾਲੇ ਦੋ ਵੱਖੋ ਵੱਖ ਮੋਰਚਿਆਂ ਤੇ ਡਟੇ ਪਏ ਸਨ ! ਇੱਕ ਸਧਾਰਨ ਕੱਪੜੇ ਪਾਈ ਟੇਸ਼ਨ ਤੇ ਸਵਾਰੀਆਂ ਦਾ ਇੰਤਜਾਰ ਕਰ ਰਿਹਾ ਸੀ ਤੇ ਦੂਜਾ ਟਾਈ ਲਾਈ ਸ਼ੋ ਰੂਮ ਦੇ ਗੇਟ ਤੇ ਗ੍ਰਾਹਕਾਂ ਦਾ ..ਪਰ ਦੋਨਾਂ ਪਾਸੇ ਮੰਜਿਲ ਇੱਕੋ ਹੀ ਸੀ…ਬੇਗਾਨੀਆਂ ਹੋ ਜਾਣ ਵਾਲੀਆਂ ਵੇਹੜੇ ਖੇਡਦੀਆਂ ਰੌਣਕਾਂ ਦਾ ਸੁਨਹਿਰੀ ਭਵਿੱਖ !
ਹਰਪ੍ਰੀਤ ਸਿੰਘ ਜਵੰਦਾ

Email

Leave a Reply

Your email address will not be published. Required fields are marked *

You missed