ਇੱਕ ਬੰਦਾ ਪਹਾੜ ਦੀ ਚੋਟੀ ‘ਤੇ ਖੜਾ ਹੇਠਾਂ ਵੇਖ ਰਿਹਾ ਸੀ. ਕਿਸੇ ਨੇ ਵੇਖਿਆ ਤੇ ਚੀਖਿਆ, “ਉਹ ਬੰਦਾ ਖ਼ੁਦਕੁਸ਼ੀ ਕਰ ਰਿਹਾ ਹੈ.” ਪਿੰਡ ਇਕੱਠਾ ਹੋ ਗਿਆ ਤੇ ਸਾਹ ਰੋਕ ਕੇ ਵੇਖਣ ਲੱਗਾ. ਜਦ ਕਾਫੀ ਦੇਰ ਉਸ ਬੰਦੇ ਨੇ ਕੁਝ ਨਾ ਕੀਤਾ ਲੋਕ ਸ਼ਸ਼ੋਪੰਜ ਵਿੱਚ ਪੈ ਗਏ. ਜਰੂਰ ਉਸਦੀ ਬੱਕਰੀ ਗੁਆਚ ਗਈ ਹੈ, ਇੱਕ ਗਡਰੀਏ ਨੇ ਕਿਹਾ. ਉਹ ਹਵਾ ਖਾਣ ਉੱਤੇ ਚੜ੍ਹਿਆ ਹੈ, ਇੱਕ ਬਿਮਾਰ ਦੀ ਰਾਏ ਸੀ. ਉਹ ਪਹਾੜ ‘ਤੇ ਚੜ੍ਹ ਗਿਆ ਹੈ ਤੇ ਹੁਣ ਹੇਠਾਂ ਝਾਕਣ ਦਾ ਅਨੰਦ ਲੈ ਰਿਹਾ ਹੈ, ਇੱਕ ਦਾਰਸ਼ਨਿਕ ਟਾਈਪ ਬੰਦੇ ਨੇ ਦਲੀਲ ਦਿੱਤੀ. ਬਹਿਸ ਹੋਣ ਲੱਗੀ. ਸ਼ਰਤਾਂ ਲੱਗ ਗਈਆਂ. ਹੱਫਦੇ ਹੋਏ ਲੋਕ ਪਹਾੜ ‘ਤੇ ਚੜ੍ਹ ਗਏ ਤੇ ਉਸਦੇ ਚੋਟੀ ‘ਤੇ ਖੜੇ ਹੋਣ ਦਾ ਕਾਰਨ ਪੁੱਛਿਆ. “ਊਂ ਈ!” ਉਸ ਬੰਦੇ ਨੇ ਜਵਾਬ ਦਿੱਤਾ. “ਹੱਦ ਹੈ! ਅਸੀਂ ਇਸ ਲਈ ਆਪਸ ਵਿੱਚ ਬਹਿਸੇ, ਪਹਾੜ ਚੜ੍ਹ ਆਏ ਤੇ ਇਹ ਬਿਨਾ ਕਾਰਨ ਇੱਥੇ ਖੜਾ ਹੈ!” ਲੋਕ ਭੜਕਣ ਲੱਗੇ, “ਜਰੂਰ ਇਹ ਪਾਗਲ ਹੈ.”
ਅਸੀਂ ਜੋ ਵੀ ਕਰਦੇ ਹਾਂ, ਲੋਕ ਉਸਦਾ ਕਾਰਨ ਜਾਨਣਾ ਚਾਹੁੰਦੇ ਹਨ. ਨਹੀਂ ਲੱਭਦਾ ਤਾਂ ਪ੍ਰੇਸ਼ਾਨ ਹੋ ਜਾਂਦੇ ਹਨ ਤੇ ਸਾਨੂੰ ਪਾਗਲ ਕਹਿੰਦੇ ਹਨ. ਅਸੀਂ ਲੋਕਾਂ ਦੀ ਇਸ ਆਦਤ ਤੋਂ ਇੰਨਾ ਡਰ ਗਏ ਹਾਂ ਕਿ ਕੁਝ ਵੀ ਕਰਨ ਤੋਂ ਪਹਿਲਾਂ ਖੁਦ ਨੂੰ ਵੀ ਉਸਦਾ ਇੱਕ ਕਾਰਨ ਦਿੰਦੇ ਹਾਂ. ਨੌਕਰੀ-ਵਪਾਰ, ਵਿਆਹ ਆਦਿ ਦਾ ਕਾਰਨ ਤਾਂ ਸਮਝ ਆਉਂਦਾ ਹੈ. ਭਲਾ ਸੰਗੀਤ ਸੁਣਨ ਦਾ ਕੀ ਕਾਰਨ? ਪਰ ਅਸੀਂ ਸੁਣਦੇ ਹਾਂ ਕਿ ਸਿੱਖ ਸਕੀਏ. ਅਸੀਂ ਪੜ੍ਹਦੇ ਹਾਂ ਕਿ ਸਿਆਣੇ ਹੋ ਸਕੀਏ. ਅਸੀਂ ਨੱਚਦੇ ਹਾਂ ਕਿ ਕਿਸੇ ਨੂੰ ਵਿਖਾ ਸਕੀਏ. ਅਸੀਂ ਸੱਜਦੇ ਅਤੇ ਚੰਗੇ ਕੰਮ ਕਰਦੇ ਹਾਂ ਕਿ ਕਿਸੇ ਨੂੰ ਪ੍ਰਭਾਵਿਤ ਕਰ ਸਕੀਏ. ਅਸੀਂ ਮੁਹੱਬਤ ਕਰਦੇ ਹਾਂ ਕਿ ਵਿਆਹ ਕਰਵਾ ਸਕੀਏ. ਹੋਰ ਤਾਂ ਹੋਰ, ਭਗਤੀ ਵੀ ਇਸ ਲਈ ਕਰਦੇ ਹਾਂ ਕਿ ਫਲ ਮਿਲੇ.
ਸਿਤਮ ਤਾਂ ਇਹ ਕਿ ਬਿਨਾ ਕਾਰਨ ਤੋਂ ਅਸੀਂ ਇੱਕ ਅਜਿਹਾ ਕੰਮ ਕਰਦੇ ਹਾਂ, ਜਿਸ ਲਈ ਕਾਰਨ ਦੀ ਸਭ ਤੋਂ ਜ਼ਿਆਦਾ ਲੋੜ ਹੈ. ਉਹ ਹੈ, ਜਿਉਣਾ..