punjabi stories webiste logo
    ਪੋਹ ਦਾ ਮਹੀਨਾ ਹੈ, ਦਿਨ ਛੋਟੇ ਹੋ ਗਏ ਹਨ । ਬਹੁਤ ਠੰਢ ਪੈ ਰਹੀ ਹੈ। ਕੁੱਝ ਦਿਨਾਂ ਤੋਂ ਸੂਰਜ ਨਹੀਂਂ ਨਿਕਲਿਆ, ਧੁੰਦ ਪੈ ਰਹੀ ਹੈ। ਸੁੱਚਾ ਬਿਮਾਰ ਮੰਜੇ ਤੇ ਪਿਆ ਹੈ। ਜਿਵੇਂ ਹੀ ਤਰਕਾਲ਼ਾਂ ਹੋਈਆਂ, ਰਮਾਲੋ ਸੁੱਚੇ ਦੀ ਘਰਵਾਲੀ ਸੁੱਚੇ ਤੇ ਧਰੇ ਲੋਗੜ ਉੱਤੇ ਖੇਸੀ ਪਾ ਗਈ ਹੈ। ਕੁੱਝ ਦੇਰ ਬਾਅਦ ਬਾਹਰ ਤੋਂ ਅੰਗੀਠੀ ਮਘਾ ਕੇ ਲਿਆਈ ਹੈ ਤੇ ਸੁੱਚੇ ਦੇ ਮੰਜੇ ਕੋਲ ਰੱਖਦੀ ਬੋਲੀ,” ਐਤਕੀਂ ਤਾਂ ਕਹਿਰ ਕਰ ਦਿੱਤਾ ਰੱਬ ਨੇ। ਸ਼ਾਇਦ ਉਸ ਨੂੰ ਖ਼ਬਰ ਹੋ ਗਈ ਹੈ ਬਈ ਤੂੰ ਬਿਮਾਰ ਹੈਂ, ਕੋਈ ਕਸਰ ਰਹਿ ਗਈ ਸੀ ਜੋ ਅਜੇ ਵੀ ਗਿਣ ਗਿਣ ਕੇ ਬਦਲੇ ਲੈ ਰਿਹਾ ਹੈ …. ਐਨੀ ਠੰਢ ਤਾਂ ਮੈਂ ਜ਼ਿੰਦਗੀ ਵਿੱਚ ਕਦੇ ਨਹੀਂ ਦੇਖੀ। ਪਰ ਹਾਰ ਮੰਨਣ ਵਾਲੀ ਮੈਂ ਵੀ ਨਹੀਂ। ਦੇਖਦੇ ਹਾਂ ਪਹਿਲਾਂ ਕੌਣ ਥੱਕਦਾ, ਮੈਂ ਕੇ ਰੱਬ।” 
     
    ਸੁੱਚਾ ਪਿਆ ਸਭ ਸੁਣ ਰਿਹਾ ਹੈ, ਬੋਲ ਕੁੱਝ ਨਹੀਂ ਰਿਹਾ ਹੁੰਗਾਰੇ ਭਰ ਰਿਹਾ ਹੈ। ਜਦੋਂ ਦਾ ਉਹ ਬਿਮਾਰ ਹੋਇਆ ਹੈ ਰਮਾਲੋ ਉਸ ਨੂੰ ਪਿੰਡ ਤੋਂ ਸ਼ਹਿਰ, ਇਲਾਜ ਕਰਵਾਉਣ ਲਈ ਲੈ ਆਈ ਹੈ। ਸਰਦਾਰਾਂ ਦੀ ਪੁਰਾਣੀ ਹਵੇਲੀ ਹੈ ਸ਼ਹਿਰ ਵਿੱਚ ਅੱਧੀ ਢਹੀ ਹੋਈ, ਉਸ ਵਿੱਚ ਸੁੱਚੇ ਨੂੰ ਲੈ ਕੇ ਬੈਠੀ ਹੈ। ਕਮਰੇ ਵਿੱਚ ਮਘਦੇ ਕੋਲਿਆਂ ਦੀ ਮਹਿਕ ਹਰ ਚੀਜ਼ ਵਿੱਚ ਸਮਾ ਗਈ ਹੈ। ਕੋਲ ਬੈਠੀ ਨੇ ਅੰਗੀਠੀ ਉੱਤੇ ਦੁੱਧ ਗਰਮ ਕੀਤਾ ਤੇ ਸੁੱਚੇ ਨੂੰ ਗਿਲਾਸ ਭਰ ਕੇ ਫੜਾਉਂਦੀ ਬੋਲੀ,” ਭਲਾ ਹੋਵੇ ਸਰਦਾਰਾਂ ਦਾ ਐਨਾ ਸਹਾਰਾ ਲਾਇਆ ਹੋਇਆ। ਦੁੱਧ, ਰੋਟੀ ਰੋਜ਼ ਆ ਜਾਂਦਾ ਪਿੰਡ ਤੋਂ …… ਅੱਜ ਦੇ ਸਮੇਂ ਵਿੱਚ ਐਨਾ ਤਾਂ ਕੋਈ ਕੁੱਖੋਂ ਜਾਇਆ ਨਹੀਂ ਕਰਦਾ ਜਿੰਨਾ ਸਰਦਾਰਾਂ ਨੇ ਆਪਣਾ ਕੀਤਾ।”
     
    ਸੁੱਚੇ ਨੇ ਜਿਵੇਂ ਦੋ ਤਿੰਨ ਘੁੱਟ ਦੁੱਧ ਦੇ ਪੀਤੇ ਇਸ ਤਰ੍ਹਾਂ ਲੱਗਿਆ ਜਿਵੇਂ ਉਸ ਵਿੱਚ ਜਾਨ ਪੈ ਗਈ ਹੋਵੇ। ਉਹ ਜਿਵੇਂ ਹੀ ਬੋਲਣ ਲੱਗਿਆ….” ਲਾਲੀ ਦੀ ਮਾਂ ਪਾਕਿਸਤਾਨ ਲਹੌਰ ਗੁੱਜਰਾਂਵਾਲਾ ਵਿੱਚ ਇਹੋ ਜਿਹੀਆਂ ਆਪਣੀਆਂ ਕਈ ਹਵੇਲੀਆਂ ਸਨ …”
     
    ਰਮਾਲੋ ਵਿੱਚੇ ਟੋਕਦੀ ਬੋਲੀ,” ਬੱਸ ਕਰ …. ਐਵੇਂ ਖਿੱਦੋ ਨਹੀਂ ਫਰੋਲੀ ਦੀ ਲੀਰਾਂ ਹੀ ਹੱਥ ਲੱਗਦੀਆਂ ਨੇ। ਤੈਨੂੰ ਕਿੰਨੀ ਵਾਰ ਸਮਝਾਇਆ ਹੈ ਕੇ ਅਤੀਤ ਵਿੱਚ ਜਿਊਣਾ ਛੱਡ ਦੇ ਅੱਜ ਦੀ ਗੱਲ ਕਰ। ਅੱਜ ਆ ਜਿਹੜਾ ਤੇਰੇ ਤੇ ਲੋਗੜ ਪਾਇਆ ਹੋਇਆ ਨਾ ਇਸ ਲੋਗੜ ਨੂੰ ਗਲਾਫ ਵੀ ਨਸੀਬ ਨਹੀਂ ਹੈ।”
    “ਜੇ ਅੱਜ ਮਾੜਾ ਵਕਤ ਹੈ ਤਾਂ ਕੀ ਚੰਗਾ ਹੰਢਾਇਆ ਸਮਾਂ ਯਾਦ ਕਰਨਾ ਵੀ ਪਾਪ ਹੋ ਗਿਆ। ਪਾਣੀ ਭਾਵੇਂ ਗਰਮ ਹੋਵੇ ਅੱਗ ਤਾਂ ਉਹ ਵੀ ਬੁਝਾ ਦਿੰਦਾ ਹੈ। ਮੈਨੂੰ ਤਾਂ ਬਹੁਤ ਚੰਗਾ ਲੱਗਦਾ ਬਟਵਾਰੇ ਤੋਂ ਪਹਿਲਾਂ ਦਾ ਸਮਾਂ ਯਾਦ ਕਰਨਾ।” ਸੁੱਚਾ ਗਰਮ ਗਿਲਾਸ ਦੋਵੇਂ ਹੱਥਾਂ ਵਿੱਚ ਘੁੱਟ ਕੇ ਫੜਦਾ ਬੋਲਿਆ
     
    ” ਕੀ ਮਿਲਦਾ ਰੋਜ਼ ਇੱਕੋ ਰਾਮ ਕਹਾਣੀ ਸੁਣਾ ਕੇ, ਨਾਲੇ ਆਪ ਤੰਗ ਹੁੰਦਾ ਨਾਲੇ ਮੈਨੂੰ ਤੰਗ ਕਰਦੈਂ।” ਰਮਾਲੋ ਅੰਗੀਠੀ ਤੇ ਹੱਥ ਸੇਕਦੀ ਬੋਲੀ।
    ” ਜਿਸ ਦਿਨ ਮੈਂ ਤੈਨੂੰ ਇਹ ਕਹਾਣੀ ਸੁਣਾਏ ਬਗੈਰ ਸੌਂ ਗਿਆ ਹਿਲਾ ਕੇ ਦੇਖ ਲਵੀ ਮਰਿਆ ਪਿਆ ਮਿਲਾਂਗਾ। ਉਸ ਮੋੜ ਤੱਕ ਤਾਂ ਰੋਜ਼ ਜ਼ਿੰਦਗੀ ਜਿਊਂਣੀ ਹੁੰਦੀ ਹੈ ਜਿੱਥੇ ਤੱਕ ਲਾਲੀ ਆਪਣੇ ਨਾਲ ਸੀ।” ਐਨਾ ਕਹਿ ਕੇ ਲੰਮਾ ਹੌਕਾ ਭਰ ਕੇ ਸੁੱਚਾ ਚੁੱਪ ਕਰ ਗਿਆ। ਰਮਾਲੋ ਵੀ ਚੁੱਪ ਹੋ ਗਈ।
     
    ਕੁੱਝ ਦੇਰ ਚੁੱਪ ਰਹਿਣ ਤੋਂ ਬਾਅਦ ਸੁੱਚਾ ਫੇਰ ਬੋਲਿਆ,” ਜਦੋਂ ਤੈਨੂੰ ਪਹਿਲੀ ਵਾਰ ਦੇਖਿਆ ਸੀ ਤਾਂ ਕੀ ਪਤਾ ਸੀ ਕੇ ਤੂੰ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਜਾਵੇਂਗੀ। ਤੂੰ ਮੁਸਲਮਾਨਾਂ ਦੀ ਕੁੜੀ ਤੇ ਮੈਂ ਸਰਦਾਰ। ਤੂੰ ਮੈਨੂੰ ਬਹੁਤ ਸੋਹਣੀ ਲੱਗੀ ਸੀ। ਤੂੰ ਮੈਨੂੰ ਸੋਹਣੀ ਲੱਗੀ ਇਹ ਮੈਂ ਕਿਸ ਨੂੰ ਦੱਸਾਂ ਇਹ ਵੀ ਸਮਝ ਨਹੀਂ ਸੀ ਮੈਨੂੰ। ਮੈਂ ਆਪਣੇ ਬਾਪੂ ਨੂੰ ਹੀ ਜਾ ਕੇ ਦੱਸ ਦਿੱਤਾ ਸੀ ਕੇ ਤੂੰ ਮੈਨੂੰ ਬਹੁਤ ਸੋਹਣੀ ਲਗਦੀ ਹੈਂ।” ਦੁੱਧ ਪੀਂਦੇ ਸੁੱਚੇ ਨੂੰ ਗੱਲ ਸੁਣਾ ਕੇ ਹੱਥੂ ਆ ਗਿਆ
    ” ਤਾਂ ਹੀ ਤੇਰੀ ਖੱਲਧੋੜੀ ਦੀ ਜੁੱਤੀ ਨਾਲ ਤੇਰੇ ਬਾਪੂ ਨੇ ਸੇਵਾ ਕੀਤੀ ਸੀ ਅਖੇ ਸ਼ਮੀਰਾਂ ਸੋਹਣੀ ਲੱਗਦੀ ਆ…. ਆਹ ਚੱਕ ਵੜੇਵੇਂ।”
     
    ” ਮਾਰ ਬੇਸ਼ੱਕ ਖਾ ਲਈ ਸੀ ਪਰ ਉਸ ਮਾਰ ਨੇ ਮੇਰੀ ਜ਼ਿੱਦ ਹੋਰ ਪੱਕੀ ਕਰ ਦਿੱਤੀ ਸੀ। ਮੈਂ ਵੀ ਕਹਿ ਦਿੱਤਾ ਸੀ ਬਾਪੂ ਨੂੰ ਹੁਣ ਵਿਆਹ ਕਰਵਾਊਂ ਤਾਂ ਸ਼ਮੀਰਾ ਨਾਲ ਹੀ ਕਰਵਾਊਂ ਨਹੀਂ ਤਾਂ ਸਾਧ ਹੋ ਜਾਊਂ।” ਬਾਪ ਤੋਂ ਖਾਧੀ ਕੁੱਟ ਨੂੰ ਯਾਦ ਕਰਕੇ ਅੱਜ ਵੀ ਖ਼ੁਸ਼ੀ ਮਹਿਸੂਸ ਕਰ ਰਿਹਾ ਸੀ ਸੁੱਚਾ।
    ” ਲਾਮ ਦੇ ਪਿੰਡੋਂ ਆਈ ਸੀ ਤੂੰ ਜਾਂਦੀ ਜਾਂਦੀ ਸਾਡੇ ਘਰ ਵਿੱਚ ਮਹਾਂਭਾਰਤ ਛੇੜ ਗਈ ਸੀ। ਕੋਈ ਕਹਿੰਦਾ ਤੇਰੇ ਨਾਲੋਂ ਸੱਤ ਸਾਲ ਵੱਡੀ ਆ ਜਦ ਨੂੰ ਤੂੰ ਵਿਆਹੁਣ ਜੋਗਾ ਹੋਣਾ ਉਹ ਗੋਦੀ ਜਵਾਕ ਲੈ ਕੇ ਆਇਆ ਕਰੂ ਖਿਡਾ ਲਿਆ ਕਰੀਂ ਜੀਅ ਹੌਲਾ ਹੋ ਜਾਇਆ ਕਰੂ। ਵੱਡੀਆਂ ਭਾਬੀਆਂ ਨੇ ਤਾਂ ਮਜਨੂੰ ਨਾਮ ਰੱਖ ਲਿਆ ਸੀ ਮੇਰਾ। 
    ਇੱਕ ਦਿਨ ਭਾਬੀ ਕਹਿਣ ਲੱਗੀ ਵੇ ਤੈਨੂੰ ਤਾਂ ਅਸੀਂ ਛੜਾ ਰੱਖਣਾ ਸੀ, ਪਹਿਲਾਂ ਹੀ ਜ਼ਮੀਨ ਤਿੰਨ ਜਗ੍ਹਾ ਵੰਡ ਹੋ ਜਾਣੀ ਹੈ ਜੇ ਤੈਂ ਵੀ ਰੰਨ ਲੈ ਆਉਂਦੀ ਉਹ ਤਾਂ ਬਰਾਬਰ ਹਿੱਸਾ ਮੰਗੂ ਚਾਰ ਥਾਹੀਂ ਵੰਡ ਹੋ ਜਾਣੀ ਪੈਲੀ ਫੇਰ ਤਾਂ। ਹੂਟਿਆਂ ਦਾ ਕੀ ਸੀ ਉਹ ਤਾਂ ਤੈਨੂੰ ਅਸੀਂ ਵੀ ਵੇਲੇ ਕੁਵੇਲੇ ਦੇ ਦਿਆਂ ਕਰਨੇ ਸੀ। 

    ਮੈਂ ਭਾਬੀ ਨੂੰ ਕਿਹਾ ਸੀ ਮੈਨੂੰ ਜ਼ਮੀਨ ਨਹੀਂ ਚਾਹੀਦੀ ਉਹ ਸਾਰੀ ਤੁਸੀਂ ਰੱਖ ਲਵੋ ਬੱਸ ਮੇਰਾ ਸ਼ਮੀਰਾ ਨਾਲ ਵਿਆਹ ਕਰਵਾ ਦੋ।
    ਆਏ ਹਾਏ ਚਲੂਣਾ ਜਿਹਾ ਦੇਖ ਤਾਂ ਕਿਵੇਂ ਤਰਲੇ ਕੱਢਦਾ…..ਚਾਰ ਦਿਨਾਂ ਦਾ ਚਾਅ ਹੁੰਦਾ ਰੰਨ ਦਾ ਜਦੋਂ ਭੂਤ ਉੱਤਰ ਗਿਆ ਨਾ ਫੇਰ ਤੈਂ ਸਭ ਕਿਹਾ ਭੁੱਲ ਜਾਣਾ। ਤੈਂ ਵੀ ਕਹਿਣਾ ਮੈਂ ਪਿੰਡ ਦੀ ਨਿਆਈਂ ਵਾਲਾ ਟੱਕ ਲੈਣਾ, ਸਭ ਤੋਂ ਛੋਟਾ ਹਾਂ ਮੇਰੇ ਤੋਂ ਨਹੀਂ ਦੂਰ ਵਾਹੀ ਕਰ ਹੁੰਦੀ।
    ਫੇਰ ਮਾਂ ਨੇ ਸਮਝਾਇਆ ਸੀ ਕੇ ਅਸਲਮ ਬੇਗ ਨੂੰ ਮੈਂ ਵੀਰ ਕਹਿੰਦੀ ਹਾਂ, ਉਸ ਦੀ ਭੈਣ ਦੀ ਕੁੜੀ ਹੈ ਸ਼ਮੀਰਾ ਇਸ ਤਰ੍ਹਾਂ ਉਹ ਤੇਰੀ ਕੀ ਲੱਗੀ…. ਲੱਗੀ ਨਾ ਤੇਰੀ ਭੈਣ ….. ਨਾ ਹੁਣ ਤੂੰ ਭੈਣ ਵਿਆਹੇਂਗਾ।
     
    ਮੈਂ ਝੱਟ ਜਵਾਬ ਦਿੱਤਾ ਸੀ ਮਾਂ ਉਨ੍ਹਾਂ ਨੇ ਰਿਸ਼ਤੇਦਾਰੀ ਵਿੱਚੋਂ ਕਿਸੇ ਨਾ ਕਿਸੇ ਭਰਾ ਨਾਲ ਹੀ ਵਿਆਹ ਦੇਣੀ ਹੈ ਉਨ੍ਹਾਂ ਲਈ ਇਹ ਸਭ ਜਾਇਜ਼ ਹੈ ਤੂੰ ਐਵੇਂ ਵਿੰਗ ਵਲ ਪਾ ਕੇ ਨਵੇਂ ਨਵੇਂ ਸਾਕ ਕੱਢੀ ਚੱਲ ਸ਼ਮੀਰਾ ਨਾਲ ਮੇਰੇ। ਭੈਣ ਲੱਗਦੀ ਹੈ….!!!!
    ਜਦੋਂ ਮੈਂ ਰੋਟੀ ਪਾਣੀ ਛੱਡ ਦਿੱਤਾ ਤਾਂ ਜਾ ਕੇ ਕਿਤੇ ਘਰ ਦੇ ਮੰਨੇ ਸੀ। ਸਾਡੇ ਜ਼ਿਮੀਂਦਾਰ ਕਹਿੰਦੇ ਸੀ ਤੁਹਾਡੇ ਚੌਧਰੀ। ਜੱਟ ਦੀ ਜੰਞ ਚੌਧਰੀਆਂ ਦੇ ਢੁੱਕੀ ਸੀ। ਕਿੰਨੇ ਚੰਗੇ ਵੇਲੇ ਸਨ ਜਦੋਂ ਮਾਂ ਨੇ ਅਸਲਮ ਬੇਗ ਤੇਰੇ ਮਾਮੇ ਨਾਲ ਗੱਲ ਕਰੀ ਸੀ ਤਾਂ ਉਹ ਮੰਨ ਗਿਆ ਸੀ ਧਰਮਾਂ ਦੀ ਤਾਂ ਕਿਸੇ ਬਾਤ ਹੀ ਨਹੀਂ ਸੀ ਪਾਈ।” ਗੱਲ ਸੁਣਾਉਂਦਾ ਸੁਣਾਉਂਦਾ ਸੁੱਚਾ ਉਦਾਸ ਹੋ ਕੇ ਬੋਲਿਆ ,” ਮੈਂ ਜਦੋਂ ਤੈਨੂੰ ਵਿਆਹਿਆ ਸੀ ਤਾਂ ਸੋਚਿਆ ਸੀ ਕੇ ਫੁੱਲਾਂ ਵਾਂਗੂੰ ਰੱਖੂੰ ਤੈਨੂੰ….. ਰੱਬ ਨੇ ਜਿਹੜਾ ਖੰਡ ਦਾ ਖੇਡਣਾ ਦਿੱਤਾ ਸਾਂਭ ਸਾਂਭ ਕੇ ਰੱਖੂੰ, ਪਰ ਕੀ ਪਤਾ ਸੀ ਮੇਰੇ ਨਸੀਬ ਐਨੇ ਹੌਲੇ ਨੇ ਮੈਂ ਆਪਣੇ ਨਾਲ ਨਾਲ ਤੇਰੀ ਜ਼ਿੰਦਗੀ ਵੀ ਨਰਕ ਬਣਾ ਦੇਵਾਂਗਾ।”
     
    ” ਤੌੜੀ ਉੱਬਲਦੀ ਹੈ ਤਾਂ ਆਪਣੇ ਹੀ ਕੰਢੇ ਸਾੜਦੀ ਹੈ। ਮੁੜ ਘਿੜ ਕੇ ਆਨੇ ਬਹਾਨੇ ਉਹੀ ਗੱਲਾਂ ਤੇ ਆ ਜਾਂਦਾ ਕੀ ਮਿਲਦਾ ਰੋਜ਼ ਰੋਜ਼ ਉਹੀ ਦੁੱਖ ਫਰੋਲ ਕੇ। ਥੱਕਦਾ ਕਿਉਂ ਨਹੀਂ ਤੂੰ ਵਾਰ ਵਾਰ ਇੱਕੋ ਗੱਲਾਂ ਦੁਹਰਾ ਕੇ। ਬੱਸ ਕਰ ਪੈ ਜਾ ਹੁਣ।” ਰਮਾਲੋ ਸੁੱਚੇ ਦੇ ਹੱਥੋਂ ਖ਼ਾਲੀ ਦੁੱਧ ਵਾਲਾ ਗਿਲਾਸ ਫੜਦੀ ਬੋਲੀ
    ” ਨੀਂਦ ਨਾਲੋਂ ਵਾਸਤਾ ਟੁੱਟਿਆਂ ਤਾਂ ਉਮਰਾਂ ਲੰਘ ਗਈਆਂ। ਜਿਗਰ ਵਿੱਚ ਐਨੇ ਸੱਲ ਲੈ ਕੇ ਕਿਤੇ ਨੀਂਦ ਆਉਂਦੀ ਹੈ। ਜੇ ਕਿਤੇ ਸਬੱਬੀਂ ਅੱਖ ਲੱਗ ਵੀ ਜਾਂਦੀ ਹੈ ਤਾਂ ਨੀਂਦ ਵਿੱਚ ਵੀ ਤਾਂ ਉਹੀ ਸਭ ਕੁੱਝ ਦਿਸਦਾ ਹੈ। ਮੇਰੇ ਵੱਸ ਦੀ ਗੱਲ ਨਹੀਂ ਹੈ। ਜ਼ਿੰਦਗੀ ਨੇ ਇਮਤਿਹਾਨ ਹੀ ਐਸੇ ਐਸੇ ਲਿੱਤੇ ਹਨ ਕੇ ਭੁੱਲਾਇਆਂ ਵੀ ਨਹੀਂ ਭੁੱਲਦੇ।” ਸੁੱਚਾ ਰਮਾਲੋ ਤੋਂ ਮੂੰਹ ਲੁਕਾਉਂਦਾ ਬੋਲਿਆ
     
    ਸੁੱਚੇ ਦੀਆਂ ਅੱਖਾਂ ਭਰੀਆਂ ਦੇਖ ਰਮਾਲੋ ਉੱਠ ਕੇ ਕੋਲ ਬੈਠਦੀ ਬੋਲੀ,” ਦੇਖ ਮੇਰਾ ਤੇਰੇ ਬਗੈਰ ਕੋਈ ਵੀ ਨਹੀਂ ਹੈ। ਰੱਬ ਦਾ ਵਾਸਤਾ ਹੈ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰ। ਜੇ ਤੈਨੂੰ ਕੁੱਝ ਹੋ ਗਿਆ ਤਾਂ ਮੇਰਾ ਕੀ ਬਣੂੰ। ਆਹ ਦੇਖ ਲੈ ਕਿੰਨੇ ਦਿਨ ਹੋ ਗਏ ਨੇ ਆਪਾਂ ਨੂੰ ਸ਼ਹਿਰ ਆਇਆ ਡਾਕਟਰ ਨੂੰ ਤੇਰੀ ਮਰਜ਼ ਸਮਝ ਨਹੀਂ ਆ ਰਹੀ।” 
    ” ਕੁੱਝ ਜ਼ਖ਼ਮ ਐਸੇ ਹੁੰਦੇ ਨੇ ਜਿਹੜੇ ਜਿਸਮ ਤੇ ਨਹੀਂ ਰੂਹ ਤੇ ਹੁੰਦੇ ਹਨ। ਉਨ੍ਹਾਂ ਦਾ ਇਲਾਜ ਨਹੀਂ ਕੀਤੀ ਜਾ ਸਕਦਾ। ਮੇਰੀ ਰੂਹ ਦੇ ਜ਼ਖ਼ਮਾਂ ਨੂੰ ਸਮਝਣਾ ਕਿਸੇ ਡਾਕਟਰ ਦੇ ਵੱਸ ਨਹੀਂ।” ਸੁੱਚਾ ਆਪਣੀ ਗੱਲ ਕਹਿ ਕੇ ਹੌਲਾ ਜਿਹਾ ਮਹਿਸੂਸ ਕਰ ਰਿਹਾ ਸੀ
     
    ਕਿੰਨੇ ਚਾਵਾਂ ਨਾਲ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਆਪਾਂ । ਨਾ ਦਿਨ ਦੀ ਖ਼ਬਰ ਸੀ ਨਾ ਰਾਤ ਦੀ ਸਾਰ ਸੀ। ਜਦੋਂ ਤੂੰ ਨਵੀਂ ਨਵੀਂ ਆਈ ਸੀ ਤਾਂ ਵੱਡੀ ਭਾਬੀ ਨੂੰ ਛੱਡ ਕੇ ਸਭ ਨੇ ਤੇਰਾ ਕਿੱਡਾ ਚਾਅ ਕਰਿਆ ਸੀ। ਪਤਾ ਨਹੀ ਕਿਉਂ ਐਨਾ ਸ਼ਰੀਕਾ ਕਰਿਆ ਸੀ ਉਸ ਨੇ। ਸ਼ਾਇਦ ਰਿਸ਼ਤੇ ਨਾਲੋਂ ਭਾਰੂ ਜ਼ਮੀਨ ਦਾ ਮੋਹ ਸੀ ਉਸ ਨੂੰ। ਜਦੋਂ ਤੂੰ ਪਹਿਲੀ ਵਾਰ ਚੌਂਕੇ ਚੜ੍ਹੀ ਸੀ ਤਾਂ ਛੋਟੀ ਭਾਬੀ ਨੇ ਕਿਹਾ ਸੀ,” ਵਧਾਈਆਂ ਦਿਉਰਾ ਤੇਰੇ ਵੀ ਚੌਂਕਾ ਚੁੱਲ੍ਹਾ ਕਰਨ ਵਾਲੀ ਆ ਗਈ।” ਤਾਂ ਵੱਡੀ ਭਾਬੀ ਬੋਲੀ ਸੀ,” ਇਹ ਤਾਂ ਹੁਣ ਹੱਡ ਰਿੰਨ੍ਹਿਆ ਕਰਨਗੇ ਸਾਡੇ ਤਾਂ ਭਾਂਡੇ ਅੱਡ ਕਰ ਦੇਵੋ। ਮੈਂ ਉਸ ਦੇ ਬੋਲ ਸੁਣ ਕੇ ਹੈਰਾਨ ਰਹਿ ਗਿਆ ਸੀ। ਦੋ ਦਿਨ ਵੀ ਨਹੀਂ ਸੀ ਕੱਟੇ ਉਸ ਨੇ ਆਪਣੇ ਨਾਲ ਜਿਹੜੀ ਕਹਿੰਦੀ ਸੀ ਵਿਆਹ ਨਾ ਕਰ ਦਿਉਰਾ ਬੁੱਕਲ ਵਿੱਚ ਲੁਕੋ ਕੇ ਰੱਖੂੰ ਤੈਨੂੰ।” ਸੁੱਚਾ ਗੱਲ ਕਰਦਾ ਮੱਥੇ ਤੇ ਹੱਥ ਰੱਖੀ ਬੈਠਾ ਹੈ
     
    ਬਾਪੂ ਦੇ ਨਾਮ ਪੈਲੀ ਸੀ ਬਾਪੂ ਨੂੰ ਤਾਂ ਉਨ੍ਹਾਂ ਨੇ ਰੱਖ ਲਿਆ ਤੇ ਮਾਂ ਨਾਲ ਆਪਾਂ ਨੂੰ ਅੱਡ ਕਰ ਦਿੱਤਾ ਸੀ। ਪਿੰਡ ਦੇ ਬਾਹਰਵਾਰ ਛੋਟੀ ਹਵੇਲੀ ਵਿੱਚ। ਖੋਰੇ ਕਾਸ ਦਾ ਸਾੜਾ ਹੋ ਗਿਆ ਸੀ……. 
    ” ਯਾਦ ਹੈ ਤੈਨੂੰ ਜਦੋਂ ਤੈਂ ਦੱਸਿਆ ਸੀ ਕੇ ਤੈਨੂੰ ਚੱਕਰ ਆਉਂਦੇ ਨੇ ਮੈਂ ਤਾਂ ਸੁਣ ਕੇ ਘਬਰਾ ਗਿਆ ਸੀ। ਫੇਰ ਜਦੋਂ ਪਤਾ ਲੱਗਿਆ ਕੇ ਮੈਂ ਬਾਪ ਬਣਨ ਵਾਲਾ ਹਾਂ ਤਾਂ ਜਿਹੜੀ ਖ਼ੁਸ਼ੀ ਹੋਈ ਸੀ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਤੂੰ ਵੀ ਤਾਂ ਸੰਗਦੀ ਕਿੰਨੇ ਦਿਨ ਮੇਰੇ ਕੋਲ ਨਹੀਂ ਸੀ ਆਈ……” ਆਪਣੀ ਗੱਲ ਸੁਣਾਉਂਦਿਆਂ ਪਤਾ ਹੀ ਨਹੀਂ ਲੱਗਿਆ ਕਦੋਂ ਸੁੱਚੇ ਨੇ ਰਮਾਲੋ ਦਾ ਹੱਥ ਫੜ ਲਿਆ 
     
    ਸ਼ਾਇਦ ਰਮਾਲੋ ਨੂੰ ਵੀ ਉਹ ਪਲ ਯਾਦ ਕਰਕੇ ਚੰਗਾ ਲੱਗ ਰਿਹਾ ਹੈ। ਉਸ ਸਮੇਂ ਨੂੰ ਯਾਦ ਕਰਕੇ ਦੋਵੇਂ ਸਭ ਕੁੱਝ ਭੁੱਲੇ ਬੈਠੇ ਹਨ। 
    ਸਰਦੀ ਹੋਰ ਵਧ ਗਈ ਹੈ ਰਮਾਲੋ ਨੇ ਚਿਮਟੇ ਨਾਲ ਅੰਗੀਠੀ ਵਿੱਚ ਕੋਲੇ ਫਰੋਲੇ ਹਨ। ਬੂਹੇ ਦੀਆਂ ਚੀਥਾਂ ਵਿੱਚੋਂ ਠੰਢ ਅੰਦਰ ਆ ਰਹੀ ਹੈ ਪਰ ਅੰਗੀਠੀ ਦੇ ਸੇਕ ਨਾਲ ਅੰਦਰ ਨਿੱਘਾ ਹੋਇਆ ਹੋਇਆ ਹੈ।
    ਰਮਾਲੋ ਬੋਲੀ,” ਜਦੋਂ ਆਪਣੇ ਘਰੇ ਜਵਾਕ ਹੋਇਆ ਸੀ ਓਦੋਂ ਵੀ ਐਨੀ ਹੀ ਠੰਢ ਸੀ। ਰੱਬ ਨੇ ਆਪਾਂ ਨੂੰ ਕਿੰਨੀ ਸੋਹਣੀ ਸੌਗਾਤ ਨਾਲ ਨਿਵਾਜਿਆ ਸੀ। ਪਰੀਆਂ ਵਰਗੀ ਧੀ ਆਈ ਸੀ ਆਪਣੇ ਘਰੇ।
    ਠੰਢ ਨਾਲ ਉਸ ਦੀਆਂ ਗੱਲਾਂ ਲਾਲ ਹੋ ਜਾਇਆ ਕਰਦੀਆਂ ਸਨ ਤਾਂ ਹੀ ਤਾਂ ਆਪਾਂ ਉਸ ਦਾ ਨਾਮ ਲਾਲੀ ਰੱਖਿਆ ਸੀ।”
    ” ਘਰਦਿਆਂ ਨਾਲੋਂ ਅੱਡ ਹੋਣ ਦਾ ਦੁੱਖ ਲਾਲੀ ਦੀਆਂ ਕਿਲਕਾਰੀਆਂ ਨੇ ਭੁਲਾ ਦਿੱਤਾ ਸੀ। ਐਨੀ ਖ਼ੁਸ਼ੀ ਮਿਲੀ ਸੀ ਲਾਲੀ ਦੇ ਹੋਣ ਤੇ ਐਂ ਲੱਗਿਆ ਸੀ ਜਿਵੇਂ ਠੂਠਾ ਫੁੱਟ ਕੇ ਛੰਨਾ ਮਿਲ ਗਿਆ ਹੋਵੇ……. ਤੂੰ ਮੈਂ ਤੇ ਲਾਲੀ….. ਰੱਬ ਵੀ ਯਾਦ ਨਹੀਂ ਸੀ ਮੈਨੂੰ…..” ਸੁੱਚਾ ਬੈਠਾ ਬੈਠਾ ਥੱਕ ਗਿਆ ਹੈ ਰਮਾਲੋ ਨੇ ਸਹਾਰਾ ਦੇ ਕੇ ਉਸ ਨੂੰ ਪਾ ਦਿੱਤਾ ਹੈ।
    ਬਾਹਰ ਬੀਹੀ ਵਿੱਚ ਕੁੱਤਾ ਰੋ ਰਿਹਾ ਹੈ….. ਬਾਲਿਆਂ ਵਿੱਚ ਚਿੜੀ ਆਪਣੇ ਆਲ੍ਹਣੇ ਵਿੱਚ ਸੁੱਤੀ ਪਈ ਹੈ। ਗੱਲਾਂ ਕਰਦੀ ਰਮਾਲੋ ਦੀ ਵੀ ਅੱਖ ਲੱਗ ਗਈ ਹੈ। ਸੁੱਚਾ ਜਾਗਦਾ ਪਿਆ ਹੈ….. ਨੀਂਦ ਕਿਤੇ ਨੇੜੇ ਤੇੜੇ ਵੀ ਨਹੀਂ ਹੈ…..
     
    ਲੜੀਵਾਰ ਇਸ ਤੋਂ ਅੱਗੇ ਕੱਲ੍ਹ ਨੂੰ ਜੀ 
     
    ਰਘਵੀਰ ਵੜੈਚ 
    +919914316868

    Leave a Reply

    Your email address will not be published. Required fields are marked *