ਹਰਦੀਪ ਸਿੰਘ ਧਾਲੀਵਾਲ

    traditional-mud-house-punjabistories.jpg

    ਮਿਲਖੇ ਕਾ ਸੀਰੀ ਖੇਤੋਂ ਘਰਨੂ ਮੁੜਿਆ ਆਉਂਦਾ ਸੀ, ਸੂਬੇਦਾਰਾਂ ਆਲੀ ਪਹੀ ਕੋਲ ਆ ਕੇ ਓਸਨੇ ਭੱਜੇ ਜਾਂਦੇ ਮੱਘਰ ਦੇ ਸਿਰੋੰ ਆਖਰੀ ਲੜ ਖੁੱਲ ਕੇ ਪਿਛੇ ਲਮਕਦੇ ਆਉਂਦੇ ਡਵੱਟੇ ਨੂ ਹਵਾ ਚ ਉੱਡਦੇ ਤੇ ਕਪਾਹ ਦੀਆਂ ਸਿਟੀਆਂ ਚ ਫਸਦੇ ਨੂ ਵੇਖੇਆ ਤਾਂ ਓਹ ਰੁਕ ਗਿਆ, ਜਦੋਂ ਕਪਾਹ ਦੇ ਓਹਲੇਓੰ ਤਿੰਨ ਚਾਰ ਬਚਨੇ ਦੇ ਮੁਸ਼ਟੰਡੇ ਮੱਘਰ ਦੇ ਪਿਛੇ ਭੱਜੇ ਜਾਂਦੇ ਵੇਖੇ ਤਾਂ ਓਹ ਘਾਬਰ ਕੇ ਜੇ ਚਕਮੇਂ ਪੈਰੀਂ ਹੋ ਗਿਆ. ਮੱਘਰ ਦਾ ਕੁਰਲਾਟ ਦੂਰ ਤਕ ਸੁਣਦਾ ਗਿਆ ਸੀਰੀ ਨੂ, ਜਦੋਂ ਲੇਰ ਜਹੀ ਸੁਣੀ ਤਾਂ ਓਹਨੇ ਭਾਜ ਲਾਤੀ ਪਿੰਡ ਅੱਲ ਨੂ ਤੇ ਹਫੇ ਬੇ ਨੇ ਮਿਲਖੇ ਨੂ ਜਾ ਦਸਿਆ.
    ਜਦੋ ਸੀਰੀ ਨੇ ਆ ਕੇ ਦਸਿਆ ਕੇ ਬਚਨੇ ਹੁਣੀ ਮੱਘਰ ਨੂ ਧੂਹੀ ਫਿਰਦੇ ਆ ਖੇਤ. ਮਿਲਖੇ ਸਿਓੰਹ ਨੇ ਬਿਨਾ ਕਾਠੀ ਪਾਏ ਘੋੜੀ ਨੂ ਅੱਡੀ ਲਾਤੀ, ਸ੍ਵਾਤ ਚ ਲਗਾਮਾਂ ਖਿਚ ਕੇ ਗੁਲਜਾਰੋ ਨੂ ਕੇਹਾ “ਸ਼ੇਤੀ ਦੇਣੇ ਰਫਲ ਫੜਾ ਬਾਰ ਦੇ ਮਗਰੋਂ.” ਬੈਠਕ ਦੇ ਬਾਰ ਮਗਰ ਰੌਦਾਂ ਆਲਾ ਪਟਾ ਤੇ ਰਫਲ ਹਮੇਸ਼ਾ ਈ ਭਰ ਕੇ ਟੰਗੀ ਹੁੰਦੀ ਸੀ ਮਿਲਖੇ ਦੀ. ਗੁਲਜ਼ਾਰੋ ਨੇ ਕਾਹਲੀ ਨਾਲ ਪਟਾ ਤੇ ਰਫਲ ਲਾਹ ਕੇ ਫੜਾਈ, ਖੱਬੀ ਬਾਹ ਦੀ ਕਛ ਹੇਠ ਦੀ ਕਰਕੇ ਸਿਰ ਤੋ ਘੁਮਾ ਕੇ ਪਟਾ ਗਾਤਰੇ ਅੰਗੂ ਸੱਜੇ ਮੋਢੇ ਤੇ ਪਾ ਲਿਆ. ਸੱਜੇ ਹਥ ਚ ਫੜੀ ਰਫਲ ਦੀ ਸਿਆਹ ਨਾਅਲ ਨੇ ਭਾਦੋੰ ਦੀ ਸ਼ਿਖਰ ਧੁੱਪ ਚ ਚਮਕਾਰਾ ਮਾਰਿਆ ਜਿਵੇ ਘੋੜੀ ਨੂ ਸੈਨਤ ਮਾਰੀ ਹੋਵੇ ਕੇ,”ਕਿਵੇਂ ਆ ਬੱਗੀਏ.”
    ਮੈਅਰੇ ਆਲੇ ਪਹੇ ਦੀ ਭੱਸੀ ਬਣੀ ਮਿੱਟੀ ਤੋਂ ਉੱਡਦੀਆਂ ਧੂੜਾਂ ਮਿਲਖੇ ਦੀ ਦਲੇਰੀ ਤੇ ਬੁਲੰਦ ਹੋੰਸਲੇ ਦੀ ਗਵਾਹੀ ਭਰਗੀਆਂ,ਪਿੰਡ ਚ ਟਾਵਾਂ-ਟਾਵਾਂ ਚੁਬਾਰਾ ਹੋਣ ਕਰਕੇ ਅਸਮਾਨੀ ਚੜੀਆਂ ਧੂੜਾਂ ਪਿੰਡ ਦੇ ਪਰਲੇ ਪਾਸੇ ਤੋਂ ਨਜ਼ਰ ਆ ਰਹੀਆਂ ਸੀ. ਬਚਨੇ ਹੁਣਾ ਦੀ ਰਾਹ ਜਾਦਿਆਂ ਕਿਸੇ ਦੀ ਲੜਾਈ ਅਤੇ ਸੁੰਨੀ ਜ਼ਮੀਨ ਨੂ ਮਾਸੀ ਕਹ ਕੇ ਗਲ ਲਾਉਣ ਆਲੀ ਆਦਤ ਸੀ. ਬਚਨੇ ਹੁਣੀ ਵੈਲੀ ਸੀ ਪਿੰਡ ਦੇ, ਜਿਧਰ ਸਾਰਾ ਪਿੰਡ ਹੋ ਜਾਂਦਾ ਸੀ ਬਚਨੇ ਹੁਣੀ ਉਲਟ ਹੁੰਦੇ ਸੀ ਭਾਵੇਂ ਚੰਗਾ ਕੰਮ ਹੋਵੇ ਜਾਂ ਮਾੜਾ. ਪਿੰਡ ਦੇ ਉਲਟ ਚਲਣਾ ਓਹਨਾ ਦੀ ਅੜੀ ਸੀ ਜਿਵੇਂ…. ਘਰੋਂ ਸਰਦੇ ਸੀ, ਜਮੀਨ ਵੀ ਖਾਸੀ ਸੀ. ਬਹੁਤੀ ਤਾਂ ਓਹਨਾ ਦੀ ਨੱਪੀ ਸੀ ਜੇਹੜੇ ਭਲੇ ਲੋਕ ਬਿਨਾ ਕਿਸੇ ਬੰਦੇ ਵਿਚ ਪਾਏ ਤੋਂ ਏਹਨੂ ਠੇਕੇ ਤੇ ਦੇ ਗਏ ਸੀ…ਫੇਰ ਇਸਨੇ… ਨਾਂ ਠੇਕਾ ਦਿੱਤਾ ਕਦੇ- ਨਾ ਜਮੀਨ ਦਾ ਕਬਜ਼ਾ ਛਡਿਆ. ਥਾਣੇ ਕਚਹਿਰੀ ਚ ਪੈਸੇ ਦਾ ਬੋਲ-ਬਾਲਾ ਹੋਣ ਕਰਕੇ ਜਾਅਲੀ ਕਾਗਜ਼ ਤਿਆਰ ਕਰਾ ਕੇ ਕਹ ਦਿੰਦਾ ਸੀ ਕੇ ਫਲਾਨੇ ਤੋਂ ਬ਼ੈਅ ਲਈ ਆ. ਜਾਕੇ ਤਹਿਸੀਲੀੰ ਕੇਸ ਕਰ ਕੇ ਬੈਠ ਜਾਂਦਾ..ਨਾ ਛੇਤੀ ਫੈਸਲਾ ਹੋਵੇ – ਨਾ ਕਬਜਾ ਛਡਿਆ ਕਰੇ. ਪਿੰਡ ਦੇ ਇਕ-ਦੋ ਘਰਾਂ ਨਾਲ ਏੱਦਾਂ ਹੋਈ ਤਾਂ ਪਿੰਡ ਦੇ ਲੋਕ ਹੁਣ ਏਸਨੂ ਜ਼ਮੀਨ ਦਿੰਦੇ ਨੀ ਸੀ ਵਾਹੁਣ ਨੂ..ਫੇਰ ਨਾਲ ਦੇ ਪਿੰਡਾਂ ਦੇ ਦੋ-ਚਾਰ ਘਰਾਂ ਦੀ ਬਾਹਵਾ ਜ਼ਮੀਨ ਨੱਪ ਗਿਆ ਸੀ ਤੇ ਕਬਜਾ ਨੀ ਸੀ ਛੜਦਾ. ਮਾੜਾ ਬੰਦਾ ਤਾਂ ਟੱਕਰ ਨੀ ਸੀ ਲੈਂਦਾ ਇਹਨਾ ਨਾਲ.
    ਰੌਲਾ ਸਾਰਾ ਸੂਬੇਦਾਰ ਆਲੀ ਜਮੀਨ ਦਾ ਸੀ ਜਿਸਤੇ ਬਚਨੇ ਹੁਣਾ ਦਾ ਕਬਜਾ ਸੀ. ਪਿਛਲੇ ਸਾਲ ਜਮੀਨ ਮੱਘਰ ਨੇ ਬਚਨੇ ਹੁਣਾ ਨੂ ਠੇਕੇ ਤੇ ਦਿੱਤੀ ਸੀ. ਮੱਘਰ ਏਸ ਪਿੰਡ ਦਾ ਜਵਾਈ ਸੀ ਜੋ ਸੂਬੇਦਾਰ ਦੀ ਇਕਲੋਤੀ ਧੀ ਤੇਜੋ ਦਾ ਪ੍ਰੋਉਣਾ ਸੀ. ਤੇਜੋ ਮਾਂ-ਪਿਓ ਦੇ ਮਰਨ ਮਗਰੋਂ ਇਥੇ ਈ ਵਸ ਗਈ ਸੀ. ਸੂਬੇਦਾਰ ਹਵੇਲੀ ਤੇ ਵੀਹ ਏਕੜ ਜਮੀਨ ਛਡ ਗਿਆ ਸੀ,ਜੋ ਮੱਘਰ ਵਾਹੁੰਦਾ ਸੀ. ਤੇਜੋ ਤੇ ਮੱਘਰ ਦੇ ਔਲਾਦ ਕੋਈ ਹੈਨੀ ਸੀ, ਜਦੋ ਦੋਹੇਂ ਜੀ ਇਥੇ ਰਹਨ ਲੱਗੇ ਆ ਕੇ ਤਾ ਪਿੰਡ ਚ ਮੱਘਰ ਦੀ ਹਜੇ ਹੋਰ ਕਿਸੇ ਨਾਲ ਇੰਨੀ ਨੇੜਤਾ ਨਹੀਂ ਸੀ ਹੋਈ ਤੇ ਬਚਨੇ ਹੁਣਾ ਦੇ ਕੌਲੀ ਚੱਟਾਂ ਨੇ ਮੱਘਰ ਨਾਲ ਯਾਰੀ ਗੰਢ ਲਈ ਸੀ…
    ਤੇਜੋ ਤੋਂ ਬਚਨੇ ਹੁਣਾ ਦੀਆਂ ਗੱਲਾਂ ਸੁਣੀਆਂ ਤਾਂ ਹੋਈਆਂ ਸੀ ਪਰ ਪਿਛਲੇ ਸਾਲ ਪਤਾ ਹੁੰਦਿਆ ਵੀ ਬਚਨੇ ਦੀ ਗੱਲਾਂ-ਗੱਲਾਂ ਦੀ ਯਾਰੀ ਆਲੇ ਚਕਰਾਂ ਚ ਆ ਕੇ ਓਸਨੂ ਠੇਕੇ ਤੇ ਦੇ ਬੈਠਾ..ਓਸਨੂ ਇਹ ਸੀ ਬਈ ਯਾਰ..ਪਿੰਡ ਦੀ ਕੁੜੀ ਦੀ ਤਾਂ ਸ਼ਰਮ ਖਾਣਗੇ,ਮੇਰੇ ਨਾਲ ਐਦਾਂ ਦਾ ਕੰਮ ਨੀ ਕਰਦੇ. . ..
    ਮੱਘਰ ਅਨਜਾਣ ਸੀ ਕੇ ਸੱਪ ਦੀ ਫ਼ਿਤਰਤ ਡੰਗ ਮਾਰਨਾ ਹੀ ਹੈ “ਭਾਵੇ ਘਾਹ ਤੇ ਹੀ ਮਾਰੇ”ਡੰਗ ਓਹ ਮਾਰੂਗਾ ਜ਼ਰੂਰ”
    ਪੇਹਲਾਂ ਤਾਂ ਪੈਸੇ ਦੇਣ ਦਾ ਟਾਲਾ ਮਟੋਲਾ ਜੇਹਾ ਕਰਦੇ ਰਹੇ ਮੱਘਰ ਨਾਲ…ਫੇਰ ਇਕ ਦਿਨ ਆਥਣੇ ਜਹੇ ਬਚਨੇ ਨੇ ਘਰੇ ਆਏ ਮੱਘਰ ਨੂ ਸਾਫ਼ ਕਹਤਾ ਕੇ, “ਗਲ ਸੁਣ ਓਏ.. ਤੀਜੇ ਕੇ ਦਿਨ ਆ ਜਾਨਾ ਮੂਹ ਚੱਕ ਕੇ.” ਮੱਘਰ ਤਾਂ ਜਿਮੇਂ ਠੰਠਮਬਰ ਜਏ ਗਿਆ ਸੀ ਬਚਨੇ ਦੇ ਬੋਲ ਸੁਣਕੇ…, “ਹੁਣ ਓਸ ਜ਼ਮੀਨ ਦਾ ਤੂ ਕੁਸ਼ ਨੀ ਲਗਦਾ,ਕਿਓੰਕੇ ‘ਕਬਜ਼ਾ’ ਮੇਰਾ ਆ.. ਤੂ ਛੁੜਾ ਨੀ ਸਕਦਾ”…. ਬਚਨਾ ਅਖਾਂ ਜਹੀਆਂ ਕਢ ਕੇ ਖਚਰਾ ਜਹਾ ਹੱਸ ਕੇ ਕਹੰਦਾ, ” ਤੇ ..ਮੈਂ.. ਸ਼ੱਡਨੀ ਨੀ.”
    ਮੱਘਰ ਨੂ ਕੁਸ਼ ਅਓੜਿਆ ਨੀ..ਚੁੱਪ ਜੇ ਕਰਕੇ ਘਰੇ ਆ ਗਿਆ ਤੇ ਅਗਲੇ ਦਿਨ ਪੰਚਾਇਤ ਕੱਠੀ ਕਰਲੀ.
    ਬਹੁਤੇ ਲੋਕ ਹੋਰ ਕਿਸੇ ਪਿੰਡੋ ਆਏ ਮੱਘਰ ਪਿਛੇ ਬਚਨੇ ਨਾਲ ਪਿੰਡ ਚ ਵੈਰ ਪਾਉਣਾ ਨੀ ਸੀ ਚਾਹੁੰਦੇ. ਦੋ-ਚਾਰ ਵੱਡੀਆਂ ਢੇਰੀਆਂ ਆਲੇ ਸਰਦਾਰ ਵੀ ਏਸ ਮਾਮਲੇ ਚ ਬੋਲਣ ਤੋਂ ਕੰਨੀ ਜਹੀ ਕਤਰਾ ਗਏ ਸੀ. ਪੰਚਾਇਤ ਨੇ ਵੀ ਚੱਜ ਨਾਲ ਗਓਰ ਜੀ ਨਾ ਕੀਤੀ…ਮੁਕਦੀ ਗਲ ਬਈ ਕਿਸੇ ਨੇ ਪੰਚਾਇਤ ਕੋਲ ਮੱਘਰ ਦਾ ਪਖ ਨਾ ਲਿਆ ਤਾਂ ਮੱਘਰ ਬੇਬਸ ਜੇਹਾ ਹੋ ਕੇ ਘਰੇ ਆ ਗਿਆ ਸੀ.
    ਘਰੇ ਆ ਕੇ ਤੇਜੋ ਨਾਲ ਸਲਾਹੀਂ ਜੇ ਪਏ ਮੱਘਰ ਦੇ ਇਕਦਮ ਦਿਮਾਗ ਚ ਆਇਆ ਕੇ ਮਿਲਖਾ ਸਿਓੰ ਨੀ ਸੀ ਵੇਖਿਆ ਇਕਠ੍ਹ ਚ.
    ਮਿਲਖਾ ਗਿਆ ਵੀ ਨੀ ਸੀ, ਉੱਡਦੀ ਜੀ ਗਲ ਤਾਂ ਓਸਨੂ ਪਤਾ ਲੱਗ ਗਈ ਸੀ ਪਰ ਕੁਸ਼ ਕੁ ਸਾਲ ਪੇਹਲਾਂ ਜਦੋ ਪਿੰਡ ਦੇ ਮੋਹਰੀ ਤੇ ਪੰਚਾਇਤੀ ਬੰਦੇ ਬਾਜ਼ੀਗਰਾਂ ਨੂ ਪਿੰਡ ਚ ਥਾਂ ਦੇਣ ਅਤੇ ਘਰ ਬਣਾ ਕੇ ਵਸਣ ਨੀ ਸੀ ਦਿੰਦੇ ਤਾਂ ਓਹਨੇ ਡਾਂਗ ਦੇ ਜ਼ੋਰ ਤੇ ਇਕੱਲੇ ਨੇ ਅੜਕੇ ਬਾਜ਼ੀਗਰ ਬੈਠਾਏ ਸੀ ਪਿੰਡ…. ਓਦੋਂ ਦਾ ਓਹ ਪੰਚਾਇਤ ਆਲੇਆਂ ਦੇ ਰੌਲੇ ਗੌਲੇ ਚ ਘੱਟ ਈ ਜਾਂਦਾ ਸੀ.
    ਮੱਘਰ ਨੇ ਤੇਜੋ ਕੋਲ ਜ਼ਿਕਰ ਕੀਤਾ ਕੇ ਜੇ ਤੂ ਜਾਵੇਂ ਓਹਨਾ ਦੇ ਘਰੇ, “ਗਲ ਤਾਂ ਕਰਕੇ ਵੇਖ… ਸਿਆਣਾ ਬੰਦਾ ਕੋਈ ਸਲਾਹ ਈ ਦੇਦੂ ਕੰਮ ਦੀ.”
    ਆਪ ਤਾਂ ਕਦੇ ਮਿਲਿਆ ਨੀ ਸੀ ਮਿਲਖੇ ਨੂ ਪਰ ਮੱਘਰ ਦੇ ਮਨ ਨੂ ਇਕ ਤਸੱਲੀ ਜਹੀ ਸੀ ਕੇ ਖਬਰੇ ਪਿੰਡ ਦੀ ਧੀ ਦੀ ਮਦਦ ਈ ਕਰ ਦਵੇ ਮਿਲਖਾ. ਤੇਜੋ ਨੂ ਤਾਂ ਸਾਰਾ ਪਿੰਡ ਜਾਣਦਾ ਸੀ ਪਿੰਡ ਦੀ ਕੁੜੀ ਕਰਕੇ ਤੇਜੋ ਭੂਆ ਕਹੰਦੇ ਸੀ ਸਾਰੇ ਪਰ ਕਦੇ ਮਿਲਖੇ ਕੇ ਘਰੇ ਨੀ ਸੀ ਗਈ ਹੁਣ ਤਕ.
    ਮਿਲਖਾ ਸਚ ਨਾਲ ਖੜਾ ਹੋਣ ਵਾਲਾ ਅਣਖੀ ਬੰਦਾ ਸੀ. ਚੌਹੁੰ ਮੁਰੱਬਇਆਂ ਦਾ ਮਾਲਕ, ਅਧਖੜ ਉਮਰ ਦਾ ਛਾਂਟਵੇਂ ਜਹੇ ਚੀਢ਼ੇ ਸਰੀਰ ਦਾ ਤੇ ਸੁਬਾਅ ਦਾ ਅੜਬ ਸੀ. ਓਸਦਾ ਚਿੱਤ ਤਾਂ ਕਰਦਾ ਸੀ ਕੇ ਜਾ ਕੇ ਇੱਕ ਪਾਸਾ ਕਰ ਦਵੇ ਮੱਘਰ ਤੇ ਬਚਨੇ ਆਲੇ ਰੌਲੇ ਦਾ ਪਰ ਮਾਮਲਾ ਪੰਚਾਇਤ ਕੋਲ ਹੋਣ ਕਰਕੇ ਉਸਨੇ ਆਪਣੇ ਆਪ ਨੂ ਏਸ ਗੱਲ ਚੋ ਬਾਹਰ ਹੀ ਰਖਿਆ ਹੋਇਆ ਸੀ ਹਜੇ ਤਕ.
    ਤੇਜੋ ਮਿਲਖੇ ਕੇ ਘਰੇ ਹੋ ਆਈ ਸੀ, ਮਿਲਖੇ ਕੋਲ ਲਾਅਮ ਦੇ ਬੰਦੇ ਬੈਠੇ ਸੀ ਤੇ ਓਹ ਚੋੰਕੇ ਚ ਗੁਲਜ਼ਾਰੋ ਕੋਲ ਬੈਠ ਕੇ ਮੁਢ ਤੋਂ ਲੈ ਕੇ ਸਾਰੀ ਗਲ ਦਸ ਗਈ ਸੀ. ਬਚਨੇ ਹੁਣਾ ਨਾਲ ਮਿਲਖੇ ਦਾ ਪਹਿਲਾਂ ਕੋਈ ਵੈਰ ਤਾਂ ਨਹੀ ਸੀ ਪਰ ਓਹਨਾ ਦੇ ਕੁਚੱਜੇ ਕੰਮ ਓਸ ਦੇ ਅਸੂਲਾਂ ਤੇ ਜ਼ਮੀਰ ਨੂ ਟਿਚਰਾਂ ਕਰ ਕੇ ਤੜਫਾਉਂਦੇ ਜਰੂਰ ਸੀ.
    ਤੇਜੋ ਤੋਂ ਬਾਅਦ ਮੱਘਰ ਵੀ ਚਲਿਆ ਗਿਆ ਮਿਲਖੇ ਨੂ ਮਿਲਣ ਪਰ ਮਿਲਖਾ ਘਰੇ ਨਾ ਮਿਲਿਆ ਓਹਨੁ. ਫੇਰ ਇਕ ਦਿਨ ਮੱਘਰ ਨੇ ਮਿਲਖਾ ਖੇਤ ਨੂ ਜਾਂਦਾ ਵੇਖਿਆ ਤਾ ਮਗਰੇ ਖੇਤ ਚਲਾ ਗਿਆ.
    ਸੀਰੀ ਬਲਦਾਂ ਨੂ ਹਲਟ ਨਾਲੋਂ ਹਟਾ ਕੇ, ਪਰਾਂ ਬੰਨਕੇ ਓਹਨਾ ਨੂ ਪੱਠੇ ਸਿੱਟ ਰਿਹਾ ਸੀ. ਜਦੋਂ ਮਿਲਖਾ ਆਇਆ ਸੀਰੀ ਨੇ ਲਗਾਮਾਂ ਫੜ ਕੇ ਘੋੜੀ ਟਾਹਲੀ ਨਾਲ ਬੰਨਤੀ ਤੇ ਮਿਲਖਾ ਬਾਣ ਦੇ ਮੰਜੇ ਤੇ ਛਾਵੇਂ ਜਾ ਬੈਠਾ.
    ਮੰਜੇ ਤੇ ਬੈਠੇ ਨੇ ਚਾਦਰਾ ਬਾਹੀ ਤੇ ਖੁਚਾਂ ਦੇ ਸਨ੍ਨ ਚ ਕਰਕੇ ਲੱਤਾਂ ਖੋਲਕੇ ਫਿਰ ਪੈਰਾਂ ਚ ਪੈਰ ਮਾਰਕੇ ਜੁੱਤੀ ਝਾੜੀ ਤੇ ਲਾਹਕੇ ਮੰਜੇ ਤੇ ਟੇਢਾ ਜੇਹਾ ਪੈ ਗਿਆ ਕੂਹਣੀ ਦੇ ਭਾਰ ਹਥ ਤੇ ਸਿਰ ਰਖ ਕੇ. ਦੂਰ ਮੈਅਰੈ ਆਲੇ ਪਹੇ ਤੇ ਤੁਰੇ ਆਉਂਦੇ ਮੱਘਰ ਨੂ ਸੀਰੀ ਨੇ ਵੇਖ ਲਿਆ ਸੀ ਜਦੋਂ ਓਹ ਸੂਬੇਦਾਰਾਂ ਆਲੀ ਆਵਦੀ ਪਹੀ ਵੀ ਨਾ ਮੁੜਿਆ,ਸਿਧਾ ਈ ਤੁਰਿਆ ਆਉਂਦਾ ਸੀ..ਸੀਰੀ ਨੂ ਪੱਕਾ ਹੋ ਗਿਆ ਕੇ ਓਹ ਏਧਰਨੂ ਹੀ ਆਊਗਾ ਤੇ ਓਹਨੇ ਮਿਲਖੇ ਨੂ ਦਸਤਾ ਸੀ.
    ਮੱਘਰ ਨੇ ਤੁਰੇ ਆਉਂਦੇ ਨੇ ਦੂਰੋਂ ਫ਼ਤੇਹ ਬੁਲਾਈ. ਫ਼ਤੇਹ ਦਾ ਜਵਾਬ ਹਥ ਖੜਾ ਕਰਕੇ ਦੇ ਕੇ ਮਿਲਖਾ ਓਵੇਂ ਪਿਆ ਰਿਹਾ. ਮੱਘਰ ਕੋਲ ਆ ਗਿਆ ਤਾਂ ਓਸਨੂ ਬੈਹਣ ਦਾ ਇਸ਼ਾਰਾ ਕਰਕੇ ਮਿਲਖਾ ਉਠ ਕੇ ਬੈਠ ਗਿਆ.ਮੱਘਰ ਪੈਧ ਅੱਲ ਬੈਠ ਗਿਆ ਦੋਣ ਜ੍ਹੀ ਤੇ ਹੋ ਕੇ ਤੇ ਝਿਜਕਦੇ ਜੇ ਨੇ ਗਲ ਸ਼ੁਰੂ ਕੀਤੀ, ਸੀਰੀ ਵੀ ਖੂਹ ਦੀ ਮੌਣ ਤੇ ਬੈਠਾ ਗਲਬਾਤ ਸੁਣ ਰਿਹਾ ਸੀ.
    ਵੈਸੇ ਮਿਲਖੇ ਨੂ ਸਾਰਾ ਇਲਮ ਈ ਸੀ ਕੇ ਚੱਕਰ ਕੀ ਪਿਆ ਹੈ ਮੱਘਰ ਦਾ ਬਚਨੇ ਨਾਲ,ਫੇਰ ਵੀ ਟਿਕਾਅ ਨਾਲ ਓਹਦੀ ਸਾਰੀ ਗੱਲ ਸੁਣੀ ਗਿਆ.
    ਸਾਰੀ ਗਲ ਸੁਣਕੇ ਮਿਲਖੇ ਨੇ ਲੱਤਾਂ ਮੰਜੇ ਤੋਂ ਥੱਲੇ ਕਰਲੀਆਂ ਤੇ ਬੈਠਾ ਗੋਡਾ ਜੇਹਾ ਖੁਰਕਦਾ ਮੱਘਰ ਅੱਲ ਝਾਕਿਆ ਤੇ ਹੁੰਗਾਰੇ ਅੰਗੂ ‘ਹੂਂ’ ਜੇਹਾ ਕਹ ਕੇ ਸਿਰ ਹਿਲਾਇਆ. ਅਖਾਂ ਦੀ ਗਹਰੀ ਜੀ ਲਾਲੀ ਵੇਖ ਕੇ ਮੱਘਰ ਨੂ ਜਕੀਨ ਹੋ ਗਿਆ ਸੀ ਕੇ ਹੁਣ ਇਹ ਸ਼ੇਰ ਸਾਡੇ ਹਕ਼ ਚ ਖੜੁਗਾ.
    “ਕੋਈ ਨਾਂ ਲਾ ਲੈਨੇ ਆ ਸਾਬ੍ਹ-ਕਤਾਬ ਏਹਦਾ ਵੀ”.. ਪੱਗ ਦਾ ਛਡਿਆ ਹੋਇਆ ਲੜ ਠੀਕ ਕਰਦੇ ਨੇ ਮੱਘਰ ਨੂ ਕਿਹਾ, “ਹੁਣ ..ਭਾਦੋਂ…ਚਲਦਾ ” !!!
    ਮੱਘਰ ਚੁੱਪ ਸੀ. … ਆਪ ਹੀ ‘ਹੂਂ’ ਕਹਕੇ ਬੋਲਿਆ……ਜਿਮੇਂ ਹੁਣੇ ਈ ਫ਼ੈਸਲਾ ਕਰਤਾ ਸੀ ਮਿਲਖੇ ਨੇ,
    ” ਅੱਸੂ-ਕੱਤੇ ਚ’ ਕਪਾਹ ਤੇਰੇ ਗੱਡੇ ਤੇ ਹੀ ਜਾਉਗੀ ਪਿੰਡ ਨੂ. ”
    ਮੱਘਰ ਨੂ ਤਾਂ ਜਿਵੇਂ ਕਿਸੇ ਨੇ ਹਥ ਫੜਕੇ ਇੱਕੋ ਝਟਕੇ ਨਾਲ ਖਿਚ ਕੇ ਡੁੱਬਨੋੰ ਬਚਾ ਲਿਆ ਹੁੰਦਾ ਏਸ ਤਰਾਂ ਖੁਸੀ ਅਤੇ ਡਰ ਦਾ ਸਾਂਝਾਂ ਜੇਹਾ ਮੂਹ ਕਰਕੇ ਪਿੰਡ ਨੂ ਮੁੜ ਆਇਆ. ਤੇਜੋ ਨੇ ਵੀ ਮਿਲਖੇ ਨੂ ਸੌ ਅਸੀਸਾਂ ਦਿੱਤੀਆਂ ਘਰੇ ਬੈਠੀ ਨੇ. ਮਿਲਖੇ ਨੇ ਕੱਤੇ ਤਕ ਕਿਸੇ ਨੂ ਕੁਸ਼ ਵੀ ਕਹਨ ਤੋ ਮਨਾਂ ਕੀਤਾ ਸੀ.
    ਹਜੇ ਮਿਲਖਾ ਤਾਂ ਵਿਓੰਤ ਲਾਉਂਦਾ ਸੀ ਕੇ ਮੋਹਰਿਆਂ ਨੂ ਪਜੀਸਨਾਂ ਤੇ ਕਰਕੇ ਕੋਈ ਐਸੀ ਚਾਲ ਚੱਲਾਂ ਕਿ ਬਾਜ਼ੀ ਓਸਦੇ ਹਥ ਚ ਆ ਜਾਵੇ ਤੇ ਬਚਨਾ ਆਪ ਹੀ ਸ਼ੱਡ ਜਾਏ ਜ਼ਮੀਨ.
    ਪਰ ਮੱਘਰ ਤੋ ਤਾਂ ਅਠ ਦਸ ਦਿਨ ਮਸਾਂ ਸਬਰ ਹੋਇਆ…ਕੱਤਾ ਤਾਂ ਹਜੇ ਦੂਰ ਸੀ.
    ਮੱਘਰ ਤੱਤਾ ਵਗ ਗਿਆ ਤੇ ਅੱਜ ਇਕੱਲਾ ਈ ਖੇਤ ਚਲਿਆ ਗਿਆ ਸੀ,ਮੱਘਰ ਨੇ ਕਾਹਲੀ ਕੀਤੀ ਸੀ,ਅਸਲ ਚ ਮੱਘਰ ਸਵਾ-ਸ਼ੇਰ ਹੋ ਗਿਆ ਸੀ ਜਦੋ ਦੀ ਮਿਲਖੇ ਨੇ ਕਬਜ਼ਾ ਛਡਾਉਣ ਆਲੀ ਹਾਮੀ ਭਰੀ ਸੀ.
    ਗਾਹਾਂ ਬਚਨੇ ਹੁਣੀ ਤੇ ਪੰਜ ਸੱਤ ਲਗਾੜੇ ਹੋਰ ਬੈਠੇ ਸੀ ਨਾਲ. ਆਵਦੇ ਚਿਤੋਂ ਤਾਂ ਸਮਜਾਉਣ ਗਿਆ ਸੀ ਕੇ ਪਿਛਲੇ ਸਾਲ ਦਾ ਠੇਕਾ ਦੇਦੇ ਤੇ ਏਸ ਸਾਲ ਫੇਰ ਰਖਲਾ ਜਮੀਨ. ਮੱਘਰ ਦੇ ਦਿਮਾਗ ਚ ਇਹ ਸੀ ਬਈ ਕਬਜ਼ਾ ਤਾ ਮਿਲਖੇ ਨੇ ਕੱਤੇ ਚ ਲੈ ਹੀ ਦੇਣਾ ਕਿਓ ਨਾ ਇਹਨਾ ਤੋਂ ਮਿਠਾ-ਕੌਢ਼ਾ ਜੇਹਾ ਹੋ ਕੇ ਪਿਛਲੇ ਠੇਕੇ ਦੇ ਬਣਦੇ ਪੈਸੇ ਵੀ ਕਢਾ ਲਵਾਂ ਆਵਦੇ.
    “ਆਜਾ…ਦਿੰਨਾ ਤੈਨੂ ਮੋਹਰਾਂ ਤੋਉੜੇ ਚੋ ਕਢ ਕੇ”
    ਬਚਨੇ ਨੇ ਨਾਲ ਬੈਠੇ ਅਲ ਝਾਕ ਕੇ ਤੇ ਮੱਘਰ ਨੂ ਹਥ ਨਾਲ ਬੁਲਾਉਣ ਦਾ ਇਸ਼ਾਰਾ ਜੇਹਾ ਕਰਕੇ ਕੇਹਾ.
    “ਦੇਖ ਬਚਨਿਆ ਤੂ ਆਹੀ ਕਰਤੂਤ ਕਰਨੀ ਸੀ ਮੇਰੇ ਨਾਲ….. “ਘੱਟੋ ਘੱਟ ਆਬਦੇ ਪਿੰਡ ਦੀ ਕੁੜੀ ਦੀ ਸ਼ਰਮ ਖਾਹ ਤੇ ਮੇਰੀ ਏਸ ਪਿੰਡ ਚ ਰਿਸ਼ਤੇਦਾਰੀ ਦੀ…..” ਗੱਲ ਹਜੇ ਮੱਘਰ ਦੇ ਮੂਹ ਚ ਈ ਸੀ. ਬਚਨਾ ਬੋਲਿਆ….,
    “ਫੜਲੋ ਸਾਲੇ ਨੂ” ……….”ਅੱਜ ਏਹਨੂ ਬਨੋਉਣੇ ਆਂ ਸੂਬੇਦਾਰ ਦਾ ਜਵਾਈ. ” ਸਾਰੇ ਹੱਸ ਪਏ ਤੇ ਉਠ ਕੇ ਖੜੇ ਹੋ ਗਏ…
    ਮੱਘਰ ਦੇ ਨੇੜੇ ਖੜੇ ਇੱਕ ਨੇ ਜੋਰ ਦੀ ਮਾਰੀ ਗੱਤਲ ਚ, ਮੱਘਰ ਦੀ ਪੱਗ ਢਿੱਲੀ ਜਹੀ ਹੋ ਗਈ ਤੇ…. ਮੂਹਰੇ ਭੱਜ ਪਿਆ. ਢਿੱਲੀ ਪੱਗ ਕਦੋਂ ਖੁਲ ਕੇ ਸਿਟੀਆਂ ਤੇ ਜਾ ਟੰਗੀ ਗਈ ਓਹਨੁ ਪਤਾ ਨੀ ਲਗਿਆ ਸੀ. ਚਾਰ ਜਣੇ ਪਿਛੇ ਭੱਜ ਪਏ ਤੇ ਬਾਕੀ ਦੋ ਜਣੇ ਬਚਨੇ ਨਾਲ ਕਪਾਹ ਵਿਚ ਦੀ ਹੋਕੇ ਭੱਜੇ ਆਉਂਦੇ ਮੱਘਰ ਨੂ ਮੂਹਰਿਓੰ ਘੇਰਕੇ ਸਿੱਟ ਲਿਆ ਸੀ.
    ਭਲੀ ਕਿਸਮਤ ਨੂ ਮਿਲਖੇ ਕੇ ਸੀਰੀ ਨੇ ਮਿਲਖੇ ਨੂ ਜਾ ਦਸਿਆ ਸੀ ਤੇ ਮਿਲਖਾ ਘੋੜੀ ਤੇ ਧੂੜਾਂ ਉੜਾਔਂਦਾ ਆ ਰਿਹਾ ਸੀ. ਪੱਗ ਦੇ ਲੜਾਂ ਦੀ ਮਥੇ ਉੱਤੇ ਬਣੀ ਨੋਕ ਤੋਂ ਲੈ ਕੇ ਦੋਹਾਂ ਪਾਸਿਆ ਆਲੇ ਲੜ ਮਥੇ ਦੇ ਮੁੜਕੇ ਨਾਲ ਭਿੱਜ ਗਏ ਸੀ ਤੇ ਮਿਲਖੇ ਦੀ ਪੱਗ ਦਾ ਛਡਿਆ ਹੋਇਆ ਲੜ ਕਿਸੇ ਝੰਡੇ ਵੰਗੂ ਹਵਾ ਚ ਉੱਡਦਾ ਆਉਂਦਾ ਸੀ.
    ਬਚਨੇ ਹੁਣਾਂ ਦੀ ਹੋਣੀ ਇੰਨੀ ਛੇਤੀ ਆਉਣੀ ਆ ਇਹ ਨੀ ਸੀ ਪਤਾ ਪਰ ਜਦੋ ਦੀ ਤੇਜੋ ਗੁਲਜ਼ਾਰੋ ਕੋਲ ਦੁਖ ਰੋ ਕੇ ਗਈ ਸੀ ਤੇ ਮੱਘਰ ਖੇਤ ਜਾ ਕੇ ਦਿਲ ਫੋਲ ਕੇ ਆਇਆ ਸੀ ਮਿਲਖੇ ਨੇ ਤਾਂ ਓਸੇ ਦਿਨ ਤੋਂ ਏਸ ਨਾਗ ਦੀ ਕੰਜ ਹੱਥੀਂ ਲਾਹ ਕੇ ਸਿਰੀ ਨੱਪਣ ਦੀ ਠਾਣੀ ਹੋਈ ਸੀ…
    ਇਕ ਹਥ ਤਿੰਨ ਸੌ ਪੰਦਰਾਂ ਬੋਰ ਰਫਲ ਤੇ ਦੂਜੇ ਹਥ ਲਗਾਮਾਂ..ਮਿਲਖੇ ਨੂ ਇੰਨੀ ਕਾਹਲ ਸੀ ਕੇ ਅੱਜ ਖੇਤ ਵੀ ਦੂਰ ਹੋ ਗਿਆ ਜਾਪਦਾ ਸੀ.
    ਝਿੜੀ-ਬੇਲਿਆਂ ਅਤੇ ਖੇਤ ਟਿੱਬਿਆਂ ਚ ਕਬੂਤਰ-ਬਟੇਰਾਂ ਤੇ ਮਿਲਖੇ ਦੇ ਨਿਸ਼ਾਨੇ ਪੱਕੇ ਕੀਤੇ ਹੋਏ ਸੀ ਤੇ ਤਿੰਨ ਸੌ ਪੰਦਰਾਂ ਓਹੀ ਰਖਦਾ ਜੀਹਦਾ ਨਿਸ਼ਾਨਾ ਪੱਕਾ ਹੁੰਦਾ, ਨਹੀ ਤਾਂ ਬਾਰਾਂ ਬੋਰ ਆਮ ਹੁੰਦੀ ਪਿੰਡਾਂ ਚ’….ਸਾਰੇ ਪੱਤਣਾ ਦੀ ਤਾਰੂ.
    ਮੈਅਰੈ ਆਲਾ ਰਾਹ ਗਰਦਾ-ਰੋਲ ਹੋਇਆ ਵਾ ਵੇਖਿਆ ਤੇ ਵਿਚੋਂ ਮਿਲਖਾ ਸਿਓੰ ਝੋਉਲਾ ਜੇਹਾ ਦੀਹਂਦਾ……..ਨੇੜੇ ਆ ਕੇ ਸਾਫ਼ ਦਿਸ ਪਿਆ ਸੀ.
    ਇਕ ਬਚਨੇ ਨੂ ਕਹੰਦਾ, “ਇਹ ਤਾਂ ਆਵਦੇ ਖੇਤ ਚਲਿਆ ਹੋਊ.” “ਆਪਾਂ ਚਲ ਕੇ ਬੈਠਦੇ ਆਂ….ਸ਼ਿੱਟ ਕੁ ਲਾ-ਲੀਏ ਨਾਲੇ ਹੁਣ.”
    ਪਰ ਬਚਨਾ ਸ਼ਹਮ ਗਿਆ ਸੀ… ਘੋੜੀ ਦੀ ਰਫ਼ਤਾਰ ਤੇ ਰੋਹ ਚ ਅਉਂਦੇ ਮਿਲਖੇ ਦੇ ਚੇਹਰੇ ਤੋ ਭਾਂਪ ਗਿਆ ਕੇ ਮਿਲਖੇ ਦਾ ਆਉਣਾ ਕੋਈ ਐਸੀ ਵੈਸੀ ਗਲ ਨੀ ਸੀ. ਬਚਨੇ ਦੀ ਧੜਕਨ ਤੇਜ ਹੋ ਗਈ ਸੀ ਏਸ ਤੋ ਪੇਹਲਾਂ ਕੁਛ ਸੋਚਦਾ ਮਿਲਖੇ ਨੇ ਖੇਤ ਦੇ ਮਥੇ ਆ ਕੇ ਪਹੇ ਤੇ ਖੜਕੇ ਫਾਇਰ ਕੀਤਾ ਘੋੜੀ ਤੇ ਬੈਠੇ ਨੇ..ਫੇਰ ਮੈਅਰੈ ਆਲੇ ਪਹੇ ਤੋਂ ਮੁੜਕੇ ਸੂਬੇਦਾਰਾਂ ਆਲੀ ਪਹੀ ਤੇ ਬਚਨੇ ਹੁਣਾ ਤੋਂ ਵੀਹ ਕੁ ਕਰਮਾ ਦੇ ਫਾਸਲੇ ਤੇ ਮਿਲਖਾ ਰੁਕ ਗਿਆ ਆ ਕੇ. ਦੋ ਜਣੇ ਤਾਂ ਫਾਇਰ ਹੋਏ ਤੋਂ ਪੱਤਰੇ ਵਾਹ ਗਏ ਸੀ ਤਾਂ ਆਵਦੇ ਆਪ ਨੂ ਸੰਬਾਲਦੇ ਜਹੇ ਬਚਨੇ ਨੇ ਡਰੇ ਵੇ ਨੇ ਪੁਛਿਆ “ਕਿਵੇਂ ਆਉਣਾ ਹੋਇਆ”… ਹਥਿਆਰ ਕੋਈ ਨੀ ਓਸ ਦਿਨ ਬਚਨੇ ਹੁਣਾ ਕੋਲ…ਕਈ ਵਾਰੀ ਤਾ ਰਫਲ ਲੈਕੇ ਈ ਆਉਂਦਾ ਸੀ ਖੇਤਾਂ ਨੂ ਪਰ ਅੱਜ ਤਾ ਜਿਵੇਂ ਓਹਦਾ ਭਾਂਡਾ ਭੰਨਓਣਾ ਹੀ ਮਨਜੂਰ ਸੀ ਕੁਦਰਤ ਨੂ.
    ਮਿਲਖੇ ਨੂ ਇਕ ਪਲ ਲਈ ਹਾਸਾ ਆਇਆ ਤੇ ਮਨ ਚ ਕਿਹਾ ,”ਜਿਵੇ ਏਹਨੂ ਪਤਾ ਈ ਨੀ ਕੇ ਕਿਓੰ ਆਇਆ ਪਤੰਦਰ ਤੇਰਾ.”… ਫੇਰ ਉਚੀ ਦੇਣੇ ਬੋਲਿਆ..
    “ਆਇਆ ਤਾਂ ਜਿਵੇਂ ਮਰਜੀ ਹੋਵਾਂ ਇਓ ਦਸ…………..’ਤੂ ਕਿਵੇ ਜਾਣਾ ਇਥੋ ” ???
    ਮੱਘਰ ਨੇ ਪਏ ਵੇ ਨੇ ਸਿਰ ਚੱਕ ਕੇ ਵੇਖਿਆ ਅਧ-ਖੁਲੀਆਂ ਜੀਆ ਅਖਾਂ ਮਲਦੇ ਨੇ….. ਤਾਂ ਓਸਦੀ ਜਾਨ ਚ ਜਾਨ ਪੈ ਗਈ ,…ਉਠ ਕੇ ਖੜਾ ਹੋ ਗਿਆ ਸੀ.
    ਬਾਕੀ ਬਚਿਆਂ ਚੋ ਦੋ ਜਣੇ ਬਚਨੇ ਦੇ ਇਸ਼ਾਰੇ ਤੇ ਮਿਲਖੇ ਅੱਲ ਨੂ ਭੱਜੇ ਫੜਨ ਲਈ ਮਿਲਖੇ ਨੇ ਘੋੜੀ ਤੇ ਬੈਠੇ ਨੇ ਬੱਟ ਮਾਰਿਆ ਇੱਕ ਦੇ ਓਹ ਤਾਂ ਵਲ ਜਿਆ ਖਾ ਕੇ ਡਿੱਗ ਪਿਆ. ਮਿਲਖਾ ਨੇ ਸਾਬ ਜਿਹਾ ਲਾ ਕੇ ਦੂਜੇ ਬੰਦੇ ਦੇ ਘੋੜੀ ਤੋ ਉੱਤਰਦੇ ਨੇ ਲੱਤ ਮਾਰੀ. ਪਹਲਾ ਉਠ ਕੇ ਖੜਾ ਹੋਣ ਲਗਿਆ ਸੀ ਮਿਲਖੇ ਨੇ ਪੇੰਦੀ-ਸੱਟੇ ਫੇਰ ਜ਼ੋਰ ਦੀ ਮਾਰਿਆ ਬੱਟ ਮੌਰਾਂ ਚ,ਹੱਡੀਆਂ ਦੇ ਪਟਾਕੇ ਬਚਨੇ ਹੁਣਾ ਨੇ ਸੁਣੇ… ਓਹ ਤਾਂ ਲਾਤਾ ਜੱਟ ਨੇ ਜਮੀਨ ਦੀ ਹਿੱਕ ਨਾਲ. ਦਾਅ ਪੇਚ ਮਿਲਖੇ ਨੂ ਸਾਰੇ ਆਉਂਦੇ ਸੀ ਬਦਮਾਸ਼ਾਂ ਨਾਲ ਨਜਿਠਨ ਆਲੇ. ਦੂਜੇ ਦੀ ਹਿਮਤ ਨਾ ਪਈ ਦੁਬਾਰਾ ਮਿਲਖੇ ਨੂ ਹਥ ਲਾਉਣ ਦੀ …ਦਿਲ ਸ਼ੱਡ ਗਿਆ ਸੀ ਤੇ ਓਹ ਕਪਾਹ ਵਿਚ ਦੀ ਗੋਲੀ ਬਣ ਗਿਆ.
    ਬਚਨਾ ਤੇ ਇਕ ਓਹਦਾ ਖਾਸ ਦੋਹੇਂ ਖੜੇ ਸੀ ਘੁੱਗੂ ਜ੍ਹੇ ਬਣੇ. ਬਚਨੇ ਦੇ ਨਾਲਦਿਆਂ ਚੋ ਓਹੀ ਬਚਿਆ ਸੀ ਪਿਛੇ…..ਬਾਕੀ ਤਾਂ ਹਥ ਖੜੇ ਕਰਗੇ ਸੀ.
    …………….
    ਮੱਘਰ ਡਰਦਾ ਘੋੜੀ ਦੇ ਪਿਛੇ ਜਹੇ ਜਾ ਖੜਾ ਸੀ ਫੇਰ ਐਵੇਂ ਘੋੜੀ ਦੀਆਂ ਲਗਾਮਾਂ ਜੀਆਂ ਫੜ ਲਿਆ ਕਰੇ ਜਾ ਹਥ ਜਿਆ ਫੇਰਨ ਲਗ ਜਿਆ ਕਰੇ ਘੋੜੀ ਤੇ….
    ਮਿਲਖੇ ਨੇ ਮੁੜਕੇ ਵੇਖਿਆ ਤਾਂ ਭੱਜਕੇ ਪਿਆ ਮੱਘਰ ਨੂ…
    “ਜੰਨ੍ਹ ਚ ਆਇਆ ਹੋਇਆਂ ਇਥੇ” “ਉਰੇ ਆ”..
    ਮਿਲਖੇ ਨੂ ਗੁੱਸਾ ਸੀ ਕੇ ਇਹ ਓਸਦੀ ਸਮਝਾਈ ਹੋਈ ਗਲ ਤੇ ਨੀ ਸੀ ਚਲਿਆ…..ਖ਼ੈਰ.. ਮਦਦ ਕਰਨ ਤਾਂ ਆਉਣਾ ਹੀ ਸੀ….ਜੁਬਾਨ ਦਿੱਤੀ ਹੋਈ ਸੀ.
    ਮੱਘਰ ਕੋਲ ਆਇਆ ਤਾਂ ਰਫਲ ਮੱਘਰ ਨੂ ਫੜਾ ਕੇ ਮਿਲਖਾ ਕਾਹਲੇ ਕਦਮਾਂ ਨਾਲ ਵਧਿਆ ਬਚਨੇ ਅੱਲ.. ਬਚਨਾ ਕਹੰਦਾ…,”ਬਾਈ ਸਿਓੰ ਆਪਾਂ ਗਲ ਕਰ ਲੈੰਨੇ ਆ ਬੈਠ ਕੇ”.
    ਮਿਲਖੇ ਦੇ ਬੁਲੰਦ ਹੋਸਲੇ ਮੂਹਰੇ ਬਚਨੇ ਹੁਣਾ ਦੀ ਬਦਮਾਸ਼ੀ ਠੁਸ ਹੋ ਗਈ ਸੀ.
    ਬਚਨੇ ਦੇ ਨਾਲਦੇ ਦੇ ਘਸੁੰਨ ਮਾਰ ਕੇ ਮਿਲਖੇ ਸਿਓੰ ਨੇ ਬਚਨੇ ਨੂ ਜ਼ੋਰ ਦੀ ਧੱਕਾ ਮਾਰਿਆ ਤੇ ਭਾਰੀ ਦੇਹ ਆਲਾ ਬਚਨਾ ਪਿਠ ਪਰਨੇ ਜਾ ਪਿਆ ਸੀ.
    ਬਚਨੇ ਦੀ ਹਿੱਕ ਤੇ ਪੈਰ ਰਖ ਕੇ ਮੱਘਰ ਤੋ ਰਫਲ ਫੜ ਲਈ…
    ਰਫਲ ਬਚਨੇ ਦੀਆਂ ਰਗਾਂ ਤੇ ਰਖ ਕੇ ਮਿਲਖਾ ਗਰਜਿਆ ਸੀ. …,”ਜ਼ਾਲਮ ਦੀ ਹਿੱਕ ਤੇ ਪੈਰ ਰਖ ਕੇ ਗੱਲਾਂ ਨੀ ਹੁੰਦੀਆਂ ਬਚਨਿਆ”… “ਫੈਸਲੇ ਹੁੰਦੇ ਆ”
    ………………
    ਮਿਲਖੇ ਨੇ ਬਚਨੇ ਤੇ ਨਾਲਦੇ ਦੇ ਮਾਰ-ਮਾਰ ਕੇ ਮੂਹਾਂ ਤੇ ਲਾਲ-ਕਾਲੇ ਦਾਗ ਸ਼ਾਪਤੇ..
    ਮੱਘਰ ਕਹੰਦਾ,” ਨਾ ਜ਼ਰ…ਮੂਹ ਤੇ ਨਾ ਮਾਰ’..ਲਗਦਾ…ਹੁਣ ਏਧਰਨੂ ਮੂਹ ਤਾਂ ਨੀ ਕਰਦਾ”…..ਮੱਘਰ ਪੋਲੇ ਜੇ ਮੂਹ ਨਾਲ ਬੋਲਿਆ.
    “ਡੰਡਾ ਲੈ ਕੇ ਏਹਦੀਆਂ ਲੱਤਾਂ ਸ਼ੁਲਕੀਏ “, ……”ਗਾਹਾਂ ਨੂ ਪੈਰ ਵੀ ਨਾ ਪਾਵੇ ਏਸ ਜਮੀਨ ਚ.”..
    ਬਚਨੇ ਦੇ ਨਾਲਦਾ ਹਥ ਜੋੜ ਕੇ ਮਿਲਖੇ ਮੂਹਰੇ ਖੜ ਗਿਆ ਤੇ ਕੰਨ ਫੜਕੇ ਤੋਬਾ ਕੀਤੀ..ਓਹ ਤਾਂ ਲੰਗ ਜਿਆ ਮਾਰਦਾ ਤੁਰ ਗਿਆ ਸੀ.
    ਬਚਨੇ ਨੂ ਭਜਾ ਭਜਾ ਕੁਟਿਆ……ਆਖਰ ਬਚਨੇ ਦੀ ਬਸ ਹੋ ਗਈ ਤੇ ਥੱਲੇ ਲਿਟ ਕੇ ਸਾਪਲ ਗਿਆ ਜਿੰਨਾ ਹਿਲਦਾ ਸੀ ਓਨਾ ਜ਼ੋਰ ਦੀ ਮੱਘਰ ਸ਼ੱਡਦਾ ਗਿੱਟਿਆਂ ਤੇ ਲਾਸ਼ਾ ਪਾਤੀਆਂ ਸੀ ਪਰਾਣੀ ਮਾਰ ਮਾਰ ਕੇ…
    “ਹੁਣ ਕੀ ਕਰਨਾ ਬਾਈ ਏਹਦਾ.” ਮੱਘਰ ਨੇ ਮਿਲਖੇ ਨੂ ਪੁਛਿਆ.
    “ਕਰਨਾ ਕੀ ਆ”…,”ਰੱਸਾ-ਰੁੱਸਾ ਲਿਆ ਭਾਲ ਕੇ ਏਹਨੂ ਪਿੰਡ ਲੈ ਕੇ ਜਾਣਾ”…ਮਿਲਖਾ ਇਕ ਹਥ ਢਾਕ ਤੇ ਰਖ ਕੇ ਤੇ ਦੂਜੇ ਹਥ ਚ ਫੜੀ ਰਫਲ ਨੂ ਮੋਢੇ ਤੇ ਰਖਦਾ ਬੋਲਿਆ.
    ਮਿਲਖੇ ਨੇ ਇੱਕੋ ਫਾਇਰ ਨਾਲ ਬਾਜ਼ੀ ਜਿੱਤ ਲਈ ਸੀ… ਬਸ ਹੁਣ ਪੰਚਾਇਤ ਚ ਲਿਜਾ ਕੇ ਸਾਰੇ ਪਿੰਡ ਮੂਹਰੇ ਏਸ ਬਦਮਾਸ਼ ਦਾ ਪਿਆ ਹੋਇਆ ਡਰ ਲੋਕਾਂ ਦੇ ਮਨਾਂ ਚੋੰ ਕਢਣਾ ਸੀ ਮਿਲਖੇ ਨੇ.
    ਮਿਲਖੇ ਨੇ ਬਚਨੇ ਦੇ ਹਥ ਰੱਸੇ ਨਾਲ ਬੰਨ ਕੇ ਘੋੜੀ ਦੇ ਮਗਰ ਤੋਰ ਲਿਆ ਤੇ ਬਚਨੇ ਦੇ ਮਗਰ ਮੱਘਰ ਹਥ ਚ ਪਰਾਣੀ ਫੜੀ ਤੁਰਿਆ ਜਾਂਦਾ ਸੀ.
    ਰਾਹ ਚ ਤੁਰੇ ਜਾਂਦੇ……..ਮਿਲਖਾ ਕਹੰਦਾ,”ਜੇ ਅੱਜ ਮੈਂ ਕੁਦਰਤੀਂ ਘਰੇ ਨਾ ਹੁੰਦਾ ਤਾਂ ਆਥਣੇ ਜੇ ਪਤਾ ਲਗਨਾ ਸੀ ਪਿੰਡ ਨੂ ਕੇ ਮੱਘਰ ਤਾਂ……….. “ਤੇ ਕਲ ਨੂ ਐਸ ਕੁ ਵੇਲੇ ਤੈਨੂ ਦਾਗ ਲਾਉਣ ਦੀਆਂ ਤਿਆਰੀਆਂ ਹੋਣੀਆਂ ਸੀ..ਮੱਘਰਾ.”
    ਮੱਘਰ ਸਿਰਮੰਦਾ ਜਿਹਾ ਹਸਿਆ ਸੀ.
    …………………
    ਕੱਚੇ ਦਰਵਾਜੇ ਸੱਥ ਚ ਇਕਠ ਹੋ ਗਿਆ ਸੀ ਲੋਕ ਕੋਠਿਆਂ ਤੇ ਚੜੇ ਵੇ ਸੀ…ਬੀਹੀ ਚ ਪਿੰਡ ਦੇ ਮੁਛ-ਫੁੱਟ ਘੋੜੀ ਤੇ ਬੈਠੇ ਮਿਲਖੇ ਨੂ ਗਹੁ ਨਾਲ ਵੇਖ ਰਹੇ ਸੀ……
    ਮਗਰ ਤੁਰੇ ਜਾਂਦੇ ਬਚਨੇ ਤੇ ਮੱਘਰ ਨੂ ਵੇਖ ਲੋਕਾਂ ਨੂ ਹੈਰਾਨੀ ਸੀ ਜਿਵੇਂ ਓਹਨਾ ਨੂ ਬਚਨੇ ਦੀ ਹਾਲਤ ਵੇਖ ਕੇ ਜਕੀਨ ਨੀ ਸੀ ਹੋ ਰਿਹਾ…ਬਚਨਾ ਸਿਰ ਸੁੱਟੀ ਜਾ ਰਿਹਾ……ਕਾਨੇ ਅੰਗੂ ਆਕੜੀ ਹੋਈ ਧੌਣ ਚੋ ਮਿਲਖੇ ਨੇ ਕਿੱਲਾ ਕੱਢ ਦਿੱਤਾ ਸੀ.
    ਅੱਜ ਓਸੇ ਸੱਥ ਚ…..ਓਹੀ ਪਿੰਡ ਮੱਘਰ ਅੱਲ ਸੀ. ਬਚਨੇ ਦੇ ਹਮੈਤੀ ਘਰੋਂ ਨੀ ਸੀ ਨਿਕਲੇ.. ਪੰਚਾਇਤ ਨੂ ਵੀ ਪਤਾ ਲੱਗ ਗਿਆ ਸੀ ਜਾਂ ਕਹਲੋ ਬੀ ਡਰ ਨਿਕਲ ਗਿਆ ਸੀ……..ਹੁਣ ਕੋਈ ਨੀ ਸੀ ਚਹੁੰਦਾ ਕੇ ਬਚਨਾ ਫੇਰ ਤੋਂ ਫਨ ਚੱਕੇ ਪਿੰਡ ਚ…….
    ਪਿੰਡ ਦੇ ਓਹ ਘਰ ਜੇਹੜੇ ਪੇਹਲਾਂ ਮਜਬੂਰੀ ਵੱਸ ਬੋਲੇ ਨਹੀ ਸੀ ਕਦੇ ਓਹਨਾ ਨੇ ਵੀ ਆਬਦੀ ਭੜਾਸ ਕੱਢ ਲਈ.
    ਪੰਚਾਇਤ ਨੇ ਸਾਰੇ ਪਿੰਡ ਦੇ ਸਾਹਮਣੇ ਮੱਘਰ ਦਾ ਪੱਖ਼ ਲੈਂਦੇ ਹੋਏ ਬਚਨੇ ਨੂ ਪਿਛਲੇ ਸਾਲ ਦੇ ਬਣਦੇ ਪੈਸੇ ਦੇਣ ਦਾ ਤੇ ਜ਼ਮੀਨ ਤੇ ਮੱਘਰ ਦਾ ਕਬਜਾ ਪੱਕਾ ਕਰਕੇ ਸਹੀ ਫੈਸਲਾ ਕਰਤਾ ਸੀ.
    ਮਿਲਖਾ ਸਿਓੰ ਏਸ ਗਲ ਦਾ ਸਬੂਤ ਸੀ ਕੇ ਏਸ ਪਿੰਡ ਚਿਰਾਂ ਦੀ ਚੱਲੀ ਆਉਂਦੀ ਸੂਰਮਿਆਂ ਦੀ ਰੀਤ………ਅਣਖ ਹਾਲੇ ਵੀ ਜਿਓੰਦੀ ਆ……ਮਰੀ ਨਹੀ..
    ਪਿੰਡ ਦੀ ਧੀ ਜਾਂ ਕਿਸੇ ਮਜਲੂਮ ਨਾਲ ਖੜਨ ਦਾ ਜਿਗਰਾ ਕਢਣਾ ਤੇ ਕਿਸੇ ਜ਼ਾਲਮ ਨੂ ਲਲਕਾਰਨ ਆਲੇ ਹੋੰਸਲੇ ਦਾ ਜਾਗ ਲਾ ਗਿਆ ਸੀ….ਨਵੇਂ ਉਠਦੇ ਮੁੰਡਿਆਂ ਨੂ ਅਣਖ ਸਿਖਾ ਗਿਆ.
    ਬਾਬੇ-ਸਹੀਦਾਂ ਗੁਰੁਦਵਾਰੇ ਆਲੀ ਉੱਚੀ ਬੀਹੀ ਚ ਮਿਲਖਾ ਸਿਓੰ ਘੋੜੀ ਦੇ ਬਰਾਬਰ ਹਥ ਚ ਰਫਲ ਫੜੀ ਕਿਸੇ ਨਾਇਕ ਵਾਂਗੂ ਆਵਦੇ ਘਰ ਨੂ ਤੁਰਿਆ ਜਾ ਰਿਹਾ ਸੀ.
    (ਸਮਾਪਤ)
    ਹਰਦੀਪ ਸਿੰਘ ਧਾਲੀਵਾਲ
    ਪਿੰਡ ਤੇ ਡਾਕਖਾਨਾ-ਭੰਮੀਪੁਰਾ
    ਜਿਲ੍ਹਾ-ਲੁਧਿਆਣਾ

    Email

    Leave a Reply

    Your email address will not be published. Required fields are marked *