ਸਾਡੀ ਹਾਕੀ ਟੀਮ ਪਹਿਲਾ ਗੋਲ ਕਰਨ ਦੇ ਬਾਵਜੂਦ ਵੀ ਗੋਲ ਬਚਾਉਣ ਡਿਫੈਂਸ ਤੇ ਆ ਜਾਇਆ ਕਰਦੀ ਸੀੇ..! ਫੇਰ ਅਗਲੇ ਚੜ ਆਉਂਦੇ ਤੇ ਗੋਲਾਂ ਦੀ ਝੜੀ ਲਾ ਦਿਆ ਕਰਦੇ! ਅੱਜ ਉਧੋਕੇ ਭਾਜੀ ਕਿਸੇ ਕੰਫਰਟ ਜੋਨ ਦੀ ਗੱਲ ਕਰ ਰਹੇ ਸਨ.. ਆਖ ਰਹੇ ਸਨ ਜਿਹੜਾ ਜੋਸ਼ ਜਜਬਾ ਭਾਵਨਾ ਮਾਨਸਿਕਤਾ ਵੇਗ ਟੇੰਪੋ ਅਤੇ ਰਫਤਾਰ ਪਹਿਲੇ ਦਿਨ ਦਿਸ ਰਹੀ ਸੀ..ਅੱਜ ਗੁਆਚਦੀ ਨਜਰ ਆ ਰਹੀ ਏ..! ਦਿੱਲੀ ਦੀ ਰਫਤਾਰ ਆਮ ਵਾਂਙ ਨੌਰਮਲ ਹੈ ਜੇ ਦਿੱਲੀ ਉਹ ਬਿੱਲੀ ਹੈ ਜਿਹੜੀ ਅਸਾਂ ਕਿੰਨੀ ਵਾਰ ਮਾਰੀ ਹੈ ਤਾਂ ਇਹ ਆਪਣੇ ਬੱਚੇ ਤਾਂ ਹੀ ਪੈਰਾਂ ਹੇਠ ਲਊ ਜਦੋਂ ਇਸਦੇ ਖੁਦ ਦੇ ਪੈਰ ਸੜਨ ਲੱਗੇ..! ਪਰ ਇਹ ਮੁਕਾਉਣ ਤੋਂ ਪਹਿਲਾਂ ਦੁਸ਼ਮਣ ਨੂੰ ਆਪਣੇ ਪੱਧਰ ਤੇ ਲੈ ਕੇ ਆਉਂਦੀ ਹੈ.. ਆਪਣੇ ਕੱਢੇ ਖੂਨ ਨਾਲ ਚਿਠੀਆਂ ਲਿਖੀਆਂ ਜਾ ਰਹੀਆਂ ਹਨ.. ਨਗਾਰੇ ਦੀ ਧਮਕ ਨਾਲ ਅਗਲੇ ਦੇ ਪਜਾਮੇ ਗਿੱਲੇ ਕਰਨ ਵਾਲੀ ਕੌਂਮ ਅੱਜ ਥਾਲੀਆਂ ਵਜਾਉਣ ਦਾ ਹੋਕਾ ਦੇ ਰਹੀ ਏ! ਨਾ ਭੁੱਲੋ ਕੇ ਤਾਮਿਲਨਾਡੂ ਵਾਲਿਆਂ ਅਲਫ਼ ਨੰਗੇ ਹੋ ਕੇ ਵੇਖ ਲਿਆ.. ਮੂਹਾਂ ਵਿਚ ਜਿਉਂਦੇ ਚੂਹੇ ਵੀ ਫੜ ਲਏ..ਪਰ ਦਿੱਲੀ ਦੇ ਕੰਨ ਤੇ ਜੂੰ ਨਹੀਂ ਸਰਕੀ..! ਜਿਮ..ਟੈਟੂ..ਡੈੱਕ-ਸੰਗੀਤ ਅਤੇ ਲਗਜਰੀ ਪਕਵਾਨ ਸਾਡੀ ਰਣ-ਤੱਤੇ ਦੀ ਵਿਰਾਸਤ ਨਹੀਂ ਏ..
ਅਸੀਂ ਉਸ ਮਾਨਸਿਕਤਾ ਦੇ ਧਾਰਨੀ ਹਾਂ ਜਿਹੜੀ ਮਾਣ ਨਾਲ ਆਖਦੀ ਹੁੰਦੀ ਸੀ ਕੇ”ਮੁੱਠ ਕੂ ਛੋਲੇ ਚੱਬ ਕੇ ਉੱਡਦੇ ਫਿਰਨ ਸਰੀਰ..ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ” ਸੰਤਾਂ ਤੋਂ ਯਾਦ ਆਇਆ.. ਇੰਦਰਾ ਅਕਸਰ ਬੰਦ ਕਮਰੇ ਵਿਚ ਮੀਟਿੰਗ ਲਈ ਬੁਲਾਇਆ ਕਰਦੀ.. ਪਰ ਇਹ ਸ਼ਰੇਆਮ ਆਖਿਆ ਕਰਦਾ ਬੀਬੀ ਗੱਲ ਸੰਗਤ ਦੇ ਸਾਮਣੇ ਭਰੀ ਪਰਾ ਵਿਚ ਹੋਵੇਗੀ..!ਸੰਨ ਇੱਕਤਰ ਵਿਚ ਜਦੋਂ ਜਰਨਲ ਸੁਬੇਗ ਸਿੰਘ ਅਤੇ ਜਰਨਲ ਜਗਜੀਤ ਸਿੰਘ ਅਰੋੜਾ ਨੇ ਨੱਬੇ ਹਜਾਰ ਪਾਕਿਸਤਾਨੀ ਫੌਜ ਦਾ ਆਤਮ ਸਮਰਪਣ ਕਰਵਾ ਲਿਆ ਤਾਂ ਬੀਬੀ ਇੰਦਰਾ ਨੇ ਬੇਨਜ਼ੀਰ ਭੁੱਟੋ ਦੇ ਪਿਓ ਜੁਲਫੀਕਾਰ ਅਲੀ ਭੁੱਟੋ ਨਾਲ ਸ਼ਿਮਲੇ ਵਿਚ ਬੰਦ ਕਮਰੇ ਵਿਚ ਮੀਟਿੰਗ ਕੀਤੀ..! ਫੇਰ ਬਾਹਰ ਆਉਂਦਿਆਂ ਹੀ ਬੀਬੀ ਨੇ ਸਾਰੇ ਗ੍ਰਿਫਤਾਰ ਕੀਤੇ ਬੰਦੇ ਰਿਹਾ ਕਰਨ ਦਾ ਹੁਕਮ ਕੀਤਾ!
ਵੀਰੋ ਅਗਲਿਆਂ ਨੂੰ ਕਦੀ ਹਲਕੇ ਵਿਚ ਨਾ ਲਵੋ..
ਇਹ ਮਾਰਨ ਤੋਂ ਪਹਿਲਾਂ ਚੰਗੀ ਤਰਾਂ ਭੰਡਦੀ ਏ..ਬਦਨਾਮ ਕਰਦੀ ਏ..ਵਿਰੋਧੀ ਲਹਿਰ ਬਣਾਉਂਦੀ ਏ ਮਣਕਿਆਂ ਵਿਚੋਂ ਕਮਜ਼ੋਰ ਕੜੀ ਲੱਭਦੀ ਏ..ਫੇਰ ਸ਼ਾਮ ਦਾਮ ਦੰਡ ਭੇਦ ਦੀ ਮੱਦਤ ਨਾਲ ਅਗਲੇ ਦੇ ਢਿੱਡ ਅੰਦਰ ਘੁਸਪੈਠ ਕਰਦੀ ਹੈ.. ਫੇਰ ਓਹੀ ਹੁੰਦਾ ਜੋ ਰਾਜੀਵ-ਲੌਂਗੋਵਾਲ ਸਮਝੌਤੇ ਵੇਲੇ ਹੋਇਆ!ਤੁਹਾਡਾ ਇੱਕ ਇੱਕ ਕਦਮ ਵਾਚਿਆ ਜਾ ਰਿਹਾ ਏ.. ਮਾਹਿਰਾਂ ਦੀ ਟੀਮ ਤੁਹਾਡੇ ਮੂਹੋਂ ਕੱਢੇ ਬੋਲਾਂ ਦਾ ਵਿਸ਼ਲੇਸ਼ਣ ਕਰ ਰਹੀ ਏ..ਇਹਨਾਂ ਏਡੀ ਸੌਖੀ ਤਰਾਂ ਗੇਮ ਆਪਣੇ ਹੱਥੋਂ ਨਹੀਂ ਜਾਣ ਦੇਣੀ..ਅਖੀਰ ਜੇ ਇਹਨਾਂ ਨੂੰ ਦੁੱਧ ਦੇਣਾ ਵੀ ਪਿਆ ਤਾਂ ਮੇਂਗਣਾ ਪਾ ਕੇ ਦੇਣਗੇ..! ਮਾਣ ਮੱਤੇ ਖਾਲਸਾਈ ਸਿਧਾਂਤ ਨੂੰ ਜੇ ਕਿਸੇ ਡਰ ਜਾਂ ਕਾਮਰੇਡੀ ਪ੍ਰਭਾਵ ਅਧੀਨ ਤਿਆਗ ਦਿੱਤਾ ਤਾਂ ਅੱਧੀ ਲੜਾਈ ਓਥੇ ਹਰ ਜਾਵਾਂਗੇ..ਸੱਪ ਵੀ ਮਾਰੋ ਤੇ ਸੋਟੀ ਵੀ ਨਾ ਟੁੱਟਣ ਦਿਓ..! ਜੇ ਖੱਬੇ ਜਾਣ ਦਾ ਪ੍ਰੋਗਰਾਮ ਹੈ ਤਾਂ ਆਖੋ ਅਸੀਂ ਤਾਂ ਸੱਜੇ ਵੱਲ ਚਲੇ ਹਾਂ..
ਅਤੀਤ ਫਰੋਲ ਕੇ ਵੇਖ ਲਵੋ..ਖਾਲਸਾ ਅਕਸਰ ਜਿੱਤ ਕੇ ਅੰਤ ਨੂੰ ਹਰ ਜਾਂਦਾ ਰਿਹਾ ਏ!ਲੀਡਰਸ਼ਿਪ ਦੇ ਚੇਹਰਿਆਂ ਉੱਤੋਂ ਝਲਕਦਾ ਮਿਸ਼ਨ ਅਤੇ ਟੀਚਾ ਇੱਕ ਦਮ ਕਲੀਅਰ ਹੋਵੇ.. ਦੁਸ਼ਮਣ ਮੱਕਾਰ ਹੋਵੇ ਤਾਂ ਇਸ਼ਾਰਿਆਂ ਦੀ ਬੋਲੀ ਸਿੱਖਣੀ ਮਾੜੀ ਨਹੀਂ..!ਮੱਥਿਆਂ ਤੇ ਚੜ੍ਹਦੀ ਕਲਾ ਦੇ ਭਾਵਾਂ ਦੇ ਨਾਲ ਨਾਲ ਸੰਜੀਦਗੀ ਦੀਆਂ ਲਕੀਰਾਂ ਵੀ ਜਰੂਰੀ ਨੇ.. ਅਗਲਿਆਂ ਦਾ ਉਹ ਹਿੱਸਾ ਲੱਭੋ ਜਿਥੇ ਜਿਆਦਾ ਪੀੜ ਮੰਨਦਾ ਹੋਵੇ.. ਫੇਰ ਓਥੇ ਚੋਟ ਮਾਰੋ..ਜੇ ਕੋਈ ਸੁਪੋਰਟ ਤੇ ਆਇਆ ਹੈ ਤਾਂ ਜੱਫੀ ਪਾਉਂਦਿਆਂ ਉਸਦੇ ਬੋਝੇ ਜਰੂਰ ਟੋਹ ਲਵੋ.. ਕਿਧਰੇ ਖੰਜਰ ਤੇ ਨਹੀਂ ਲੁਕੋਇਆ ਹੋਇਆ! ਜਿਮ ਰੋਹਨ ਨਾਮ ਦਾ ਦਾਨਿਸ਼ਵਰ ਆਖਦਾ ਏ ਕੇ ਜੇ ਅਸੀਂ ਆਪਣੀ ਮੰਜਿਲ ਨੂੰ ਜਾਂਦਾ ਰਸਤਾ ਆਪ ਨਿਰਧਾਰਿਤ ਨਹੀਂ ਕਰਾਂਗੇ ਤਾਂ ਸਾਨੂੰ ਇੱਕ ਦਿਨ ਦੁਸ਼ਮਣ ਦੀਆਂ ਬਣਾਈਆਂ ਪਗਡੰਡੀਆਂ ਤੇ ਹੀ ਤੁਰਨਾ ਪਵੇਗਾ!
ਆਓ ਦਸਮ ਪਿਤਾ ਨੂੰ ਯਾਦ ਕਰਦੇ ਹੋਏ ਫਤਹਿ ਦੀ ਸਾਂਝ ਪਾਈਐ
ਵਾਹਿਗੁਰੂ ਜੀ ਕੇ ਖਾਲਸਾ..ਵਾਹਿਗੁਰੂ ਜੀ ਕੇ ਫਤਹਿ
ਹਰਪ੍ਰੀਤ ਸਿੰਘ ਜਵੰਦਾ