ਗੁਮਨਾਮ
………………..ਕਿਸਮਤ………………..
ਅੱਜ ਕਰਤਾਰੇ ਨੂੰ ਉਸਦੀ ਧੀ ਨਸੀਬੋ ਦੇ ਕਾਲਜ ਵਾਲਿਆਂ ਨੇ ਸੱਦ ਕੇ ਸਨਮਾਨਿਤ ਕੀਤਾ । ਕਿਉਕਿ ਕਰਤਾਰੇ ਦੀ ਧੀ ਨੇ ਇੰਜਨੀਰਿੰਗ ਦੀ ਡਿਗਰੀ ਸਾਰੇ ਕਾਲਜਾਂ ਦੀਆਂ ਕੁੜੀਆਂ ਤੋਂ ਜਿਆਦਾ ਨੰਬਰ ਲੈਕੇ ਪਾਸ ਕੀਤੀ ਸੀ । ਕਰਤਾਰੇ ਦਾ ਸੀਨਾ ਖੁਸ਼ੀ ਨਾਲ ਪਾਟਣ ਕਿਨਾਰੇ ਸੀ ।
ਪਿਓ, ਧੀ ਘਰ ਆਏ , ਆਉਂਦਿਆਂ ਹੀ ਸਾਰੀਆਂ ਗੱਲਾਂ ਮਾਂ ਨੂੰ ਦੱਸਣ ਲੱਗੀ । ਫੇਰ ਬਾਪੂ ਵੱਲ ਮੂੰਹ ਕੀਤਾ ,”ਓ ਬਾਪੂ ਹੁਣ ਦੱਸ ਕੀ ਕਰੀਏ ਫਿਰ ਅੱਗੇ ,,ਮੈਨੂੰ ਨੌਕਰੀ ਮਿਲਦੀ ਆ ਚਾਲੀ ਹਜਾਰ ਰੁਪਏ ਵਾਲੀ । ਮੈਂ ਤਾਂ ਕਹਿਨੀ ਆਂ ਲੱਗ ਜਾਂ ਨਾਲੇ ਵੀਰ ਨੂੰ ਮੰਗਵਾ ਲਾਂ ਗੇ ਦੁਵਈ ਚੋਂ ,,ਕਿੱਥੇ ਕੰਮ ਕਰਦਾ ਵਿਚਾਰਾ ਧੁੱਪਾਂ ਚ। ਨਾਲੇ ਬਾਪੂ ਮੈਂ ਪਹਿਲੀ ਤਨਖਾਹ ਨਾਲ ਤੇਰਾ ਗੋਡਾ ਬਦਲਾ ਕੇ ਲਿਉਣਾ ਏ,,,ਮੈਨੂੰ ਲੰਘ ਮਾਰਦਾ ਜਮਾਂ ਚੰਗਾ ਨੀ ਲੱਗਦਾ ।” ਧੀ ਦੀ ਗੱਲ ਸੁਣ ਬਾਪੂ ਦੇ ਮਨ ਵਿੱਚ ਵੈਰਾਗ ਜਿਹਾ ਆਇਆ ਪਰ ਗੱਲ ਹਾਸੇ ਪਾਉਣ ਦੀ ਖਾਤਰ ਕਿਹਣ ਲੱਗਾ ,”ਧੀਏ ਹੁਣ ਮੈਨੂੰ ਗੋਡੇ ਦੀ ਨੀ ,ਹੁਣ ਤਾਂ ਥੋੜੇ ਮੋਢਿਆਂ ਦੀ ਲੋੜ ਪਊ।”
ਪਰ ਬਾਪੂ ਦਾ ਮਖੌਲ ਧੀ ਲਈ ਜਿਵੇਂ ਵਿਰਾਗ ਦਾ ਤੁਫਾਨ ਲੈ ਆਇਆ ਹੋਵੇ । ਦੋ ਕੁ ਮਿੰਟ ਤਾਂ ਚੁੱਪ ਹੀ ਅੱਖਾਂ ਭਰ ਖੜੀ ਰਹੀ ਫੇਰ ਬੋਲੀ,”ਬਾਪੂ ਇੰਝ
ਦੁਬਾਰਾ ਨਾਂ ਕਹੀਂ ਕਦੇ।” ਓਧਰ ਮਾਂ ਨੇ ਰਸੋਈ ਚੋਂ ਅਵਾਜ ਮਾਰ ਦਿੱਤੀ ,”ਆ ਧੀਏ ਮੇਰੇ ਨਾਲ ਵੀ ਹੱਥ ਵਟਾ ਦੇ ਪਿਓ ਨਾਲ ਫੇਰ ਲੜ ਲੀਂ। “ਨਸੀਬੋ ਦੀ ਮਾਂ ਨੂੰ ਪਤਾ ਸੀ ਕਿ ਹੁਣ ਨਸੀਬੋ ਆਪਣੇ ਬਾਪ ਨਾਲ ਐਡੀ ਗੱਲ ਕਹਿਣ ਪਿੱਛੇ ਲੜੂ ਗੀ ।
“ਆਈ,,,” ਆਖ ਨਸੀਬੋ ਰਸੋਈ ਵਿੱਚ ਵੜ ਗਈ ਅਤੇ ਉੱਧਰ ਕਰਤਾਰਾ ਸੋਚੀ ਪੈ ਗਿਆ । ਅਸਲ ਵਿੱਚ ਨਸੀਬੋ ਕਰਤਾਰੇ ਦੀ ਸਕੀ ਧੀ ਨਹੀਂ ਸੀ । ਉਹ ਤਾਂ ਅਠਾਂਰਾਂ ਵੀਹ ਸਾਲ ਪਹਿਲਾਂ ਕਰਤਾਰਾ ਕਣਕਾਂ ਦੀ ਰੁੱਤ ਵਿੱਚ ਅਵਾਰਾ ਪਸ਼ੂਆਂ ਦੇ ਡਰੋਂ ਖੇਤ ਮੂੰਹ ਹਨੇਰੇ ਖੇਤ ਗੇੜਾ ਮਾਰਨ ਗਿਆ ਖੇਤ ਕੋਲ ਉਸਨੂੰ ਨਵ ਜੰਮੇ ਬੱਚੇ ਦੇ ਰੋਣ ਦੀ ਅਵਾਜ ਸੁਣਨ ਲੱਗੀ । ਕਰਤਾਰਾ ਹੈਰਾਨ ਕਿ ਐਨੇ ਰੋਹੀ ਵੀਆ ਵਾਨ ਵਿੱਚ ਤੇ ਐਨੀ ਠੰਡ ਵਿੱਚ ਬੱਚਾ ਕਿਧਰ ਰੋ ਰਿਹਾ । ਜਿਵੇਂ ਜਿਵੇਂ ਕਰਤਾਰਾ ਆਪਣਾ ਸਇਕਲ ਅੱਗੇ ਨੂੰ ਲੈਕੇ ਜਾਵੇ ਬੱਚੇ ਦੀ ਆਵਾਜ਼ ਹੋਰ ਨੇੜੇ ਹੁੰਦੀ ਜਾਵੇ । ਕਰਤਾਰਾ ਰੁਕਿਆ ਬੱਚਾ ਤਾਂ ਉਸਦੇ ਕਿਤੇ ਲਾਗੇ ਹੀ ਰੋਂਦਾ ਸੀ । ਬੈਟਰੀ ਮਾਰੀ ਤਾਂ ਕੱਸੀ ਦੇ ਖਾਲ ਵਿੱਚ ਇੱਕ ਕੱਪੜਾ ਵੀ ਹਿਲਦਾ ਨਜ਼ਰ ਆਇਆ । ਜਦ ਨੇੜੇ ਗਿਆ ਤਾਂ ਪੈਰਾਂ ਹੇਠੋਂ ਜਮੀਨ ਖਿਸਕ ਗਈ। ਛੇਤੀ ਦੇਣੇ ਬੱਚਾ ਚੁੱਕ ਕੇ ਕਾਲਜੇ ਦੇ ਨਾਲ ਲਾਇਆ । ਨਾਲ ਲਗਦਿਆਂ ਈਂ ਬੱਚਾ ਸ਼ਾਂਤ ਹੋ ਗਿਆ। ਆਸ ਪਾਸ ਕੋਈ ਵੀ ਨਹੀਂ ਬੜੀਆਂ ਵਾਜਾਂ ਮਾਰੀਆਂ । “ਓ ਮੇਰਿਆ ਰੱਬਾ ਪਤਾ ਨੀ ਕੋਈ ਕੁੱਤਾ ਬਿੱਲਾ ਚੁੱਕ ਲਿਆਇਆ ਮਸੂਮ ਨੂੰ ????
ਪਤਾ ਨੀ ਕੋਈ ਚੰਦਰਾ ਸਿੱਟ ਹੀ ਗਿਅਾ ??”
ਇਸ ਤਰਾਂ ਸੋਚਦਾ ਕਰਤਾਰਾ ਸਾਇਕਲ ਓਥੇ ਹੀ ਸੁੱਟ ਕੇ ਪਿੰਡ ਵੱਲ ਨੂੰ ਬੱਚਾ ਲੈ ਦੌੜਿਆ। ਘਰ ਆਇਆ ਆ ਸਾਰੀ ਗੱਲ ਘਰ ਵਾਲੀ ਨੂੰ ਦੱਸੀ ,, ਮਿੰਟਾਂ ਵਿੱਚ ਸਾਰਾ ਪਿੰਡ ਇਕੱਠਾ ਹੋ ਗਿਆ ,,ਕੁੜੀ ਹੋਣ ਕਰਕੇ ਸਭ ਸਮਝ ਗਏ ਕਿ ਕੋਈ ਸਿੱਟ ਕੇ ਹੀ ਗਿਆ ਹੋਵੇਗਾ ,,ਪਰ ਫੇਰ ਵੀ ਆਸ ਪਾਸ ਪਿੰਡਾ ਵਿੱਚ ਹੋਕੇ ਦਵਾ ਦਿੱਤੇ । ਕਰਤਾਰੇ ਨਾਮ ਵੀ ਨਸੀਬੋ ਰੱਖ ਦਿੱਤਾ । ਸਾਰਾ ਪਿੰਡ ਕਹੇ ਕਿ ਕਰਤਾਰਿਆ ਤੇਰੇ ਘਰ ਅੰਤਾਂ ਦੀ ਗਰੀਬੀ ਆ ਤੂੰ ਬੱਚੀ ਕਿਸੇ ਨੂੰ ਦੇ ਦੇ। ਪਰ ਕਰਤਾਰਾ ਕਹਿੰਦਾ ,”ਜੇ ਇਹਨੇ ਕਿਸੇ ਹੋਰ ਘਰੇ ਜਾਣਾ ਹੁੰਦਾ ਤਾਂ ਮੈਨੂੰ
ਨਾਂ ਥਿਉਦੀ ਇਹ ਮੇਰੀ ਧੀ ਆ ਮੇਰੇ ਘਰ ਈ ਰਹੂ ।” ਜਦ ਨਸੀਬੋ ਛੇ ਸੱਤ ਸਾਲ ਦੀ ਹੋਈ ਤਾਂ ਆਪਣੇ ਬਾਪੂ ਦਾ ਤੇ ਮਾਂ ਦਾ ਭੋਰਾ ਵਸਾਹ ਨਾਂ ਕਰਦੀ ।ਬਿੰਦ ਅੱਖੋਂ ਓਹਲੇ ਹੋ ਜਾਂਦੇ ਤਾਂ ਨਸੀਬੋ ਦੀ ਜਾਨ ਨਿਕਲਣ ਵਾਲੀ ਹੋ ਜਾਂਦੀ । ਐਨਾ ਪਿਆਰ ਦੇਖ ਕਦੇ ਕਦੇ ਕਰਤਾਰੇ ਦਾ ਮਨ ਭਰ ਆਉਂਦਾ ਤੇ ਅੰਦਰੋ ਅੰਦਰੀ ਸੁੱਟਣ ਵਾਲੇ ਨੂੰ ਕਿੰਨੀਆਂ ਈ ਲਾਹਨਤਾਂ ਪਾਉਦਾ । ਇੱਕ ਵਾਰ ਸਾਇਦ ਓਦੋਂ ਨਸੀਬੋ ਦਸਵੀਂ ਚ ਪੜਦੀ ਸੀ । ਨਸੀਬੋ ਦੀ ਮਾਂ ਨਸੀਬੋ ਦੇ ਸਕੂਲ ਜਾਣ ਤੋਂ ਮਗਰੋਂ ਪੇਕੀ ਚਲੀ ਗਈ । ਉਸ ਦਿਨ ਸਨੀਵਾਰ ਸੀ ਮਾਂ ਨੇ ਸੋਚਿਆ ਕੱਲ ਨੂੰ ਨਸੀਬੋ ਆਪੇ ਰੋਟੀ ਟੁੱਕ ਕਰ ਲੂ । ਨਸੀਬੋ ਆਈ ਆਉਂਦਿਆਂ ਹੀ ਪੁੱਛਿਆ “ਬਾਪੂ ,,,ਮਾਂ ਨੀ ਦਿਸਦੀ ??” “ਓ ਪੁੱਤ ਨਾਨਕੀਂ ਗਈ ਆ ਤੇਰੇ ,,ਤੇਰਾ ਨਾਨਾ ਢਿੱਲਾ ਸੀ ।” ਬਾਪੂ ਨੇ ਜਵਾਬ
ਦਿੱਤਾ ।
“ਫੇਰ ਤਾਂ ਆਉਣ ਵਾਲੀ ਈ ਹੋਊ,,ਹਨਾ ਬਾਪੂ ।”ਨਸੀਬੋ ਨੇ ਗੁਸੇ ਜਹੇ ਹੋਕੇ ਪੁੱਛਿਆ ।
“ਨਹੀਂ ਪੁੱਤ ਓ ਤਾਂ ਕੱਲ ਨੂੰ ਆਊ।” ਬਾਪੂ ਦੀ ਇਹ ਗੱਲ ਸੁਣ ਨਸੀਬੋ ਚ ਫੱਕਾ ਨਾਂ ਰਿਹਾ । ਬਾਪੂ ਤੋਂ ਚੋਰੀ ਕਿੰਨੇ ਵਾਰ ਰੋਈ । ਇੱਕ ਦੋ ਵਾਰ ਤਾਂ ਬਾਪੂ ਨੇ ਰੋਦੀਂ ਨੂੰ ਦੇਖ ਵੀ ਲਿਆ । ਮਸਾਂ ਦੂਜਾ ਦਿਨ ਚੜਿਆ ਮਾਂ ਆਈ ਨਸੀਬੋ ਮਾਂ ਨਾਲ ਲੜੀ । ਗਲ ਲੱਗ ਰੋਈ , “ਤੈਨੂੰ ਕਿੰਨੇ ਵਾਰ ਕਿਹਾ ਏ ਬੇੇਬੇ ਮੈਨੂੰ ਛੱਡ ਕੇ ਨਾਂ ਜਾਇਆ ਕਰ ।”
ਮਾਂ ਨੇ ਪੋਲੀ ਜੀ ਗੱਲ ਤੇ ਮਾਰੀ ,”ਹੁਣ ਤੂੰ ਨਿਆਣੀ ਆਂ ,,ਕੋਠੇ ਜਿਡੀ ਹੋਈ ਪਈ ਆਂ ,,ਕੱਲ ਨੂੰ ਤੇਰਾ ਵਿਆਹ ਵੀ ਕਰਨਾ ,,ਹੈ ਕਮਲੀ ਨਾਂ ਹੋਵੇ ।” ਪਰ ਕਰਤਾਰੇ ਨੂੰ ਅੰਦਰੋ ਅੰਦਰੀ ਇਸ ਗੱਲ ਦਾ ਯਕੀਨ ਸੀ ਕਿ ਨਸੀਬੋ ਨੂੰ ਜਦ ਉਸਦੀ ਮਾਂ ਨੇ ਸੁੱਟਿਆ ਹੋਵੇਗਾ ਤਾਂ ਜਰੂਰ
ਉਸਦੀ ਆਤਮਾ ਤੇ ਵਿਛੋੜਾ ਡੂੰਘਾ ਜਖਮਦੇ ਗਿਆ ਤਾਂ ਹੀ ਉਹ ਮਾਂ ਨੂੰ ਅੱਖੋਂ ਓਹਲੇ ਨਹੀਂ ਹੋਣ ਦਿੰਦੀ ਸੀ। ਪਰ ਕਰਤਾਰੇ ਨੇ ਅੱਜ ਤੱਕ ਧੀ ਨੂੰ ਭਿਣਕ ਤੱਕ ਨੀ ਲੱਗਣ ਦਿੱਤੀ ਕਿ ਉਹ ਉਹਨਾ ਦੀ ਅਸਲੀ ਧੀ ਨਹੀਂ । “ਲੈ ਬਾਪੂ ਰੋਟੀ ਖਾ ਲੈ ।” ਨਸੀਬੋ ਨੇ ਰੋਟੀ ਵਾਲਾ ਥਾਲ ਬਾਪੂ ਦੇ ਅੱਗੇ ਰੱਖਿਆ । ਕਰਤਾਰਾ ਇੱਕਦਮ ਝਟਕੇ ਨਾਲ ਪਿਛਲੀ ਜਿੰਦਗੀ ਚੋਂ ਬਾਹਰ ਆਇਆ, ਤੇ ਰੋਟੀ ਖਾਣ ਲੱਗਾ । “ਬਾਪੂ ਫਿਰ ਲੱਗ ਜਾਂ ਨੌਕਰੀ ਤੇ ,,ਮੈਨੂੰ ਕੁੱਝ ਦੱਸਿਆ ਨੀ ਤੁਸੀਂ ।”ਨਸੀਬੋ ਨੇ ਲਾਡ ਜਹੇ ਨਾਲ ਪੁੱਛਿਆ। ਬਾਪੂ ਬੋਲਿਆ, “ਧੀਏ ਮੈਨੂੰ ਤੇਰੀ ਨੌਕਰੀ ਦਾ ਕੋਈ ਲਾਲਚ ਨੀ,,ਮੈਂ ਤਾਂ ਕਹਿਨਾ ਤੂੰ ਪੜ ਮੈਂ ਕਿਵੇਂ ਮਰਜੀ ਇੰਤਜਾਮ ਕਰਾਂ ,,,ਤੂੰ ਐਨੀ ਵੱਡੀ ਡਿਗਰੀ ਹਾਸਲ ਕਰ ,,ਕਿ ਕੋਈ ਧੀ ਨੂੰ ਕੁੱਖ ਚ ਮਾਰਨ ਵਾਲਾ ਇਹ ਸੋਚੇ ਕਿ ਉਸਦੀ ਧੀ ਵੀ ਕਰਤਾਰੇ ਦੀ ਧੀ ਵਾਂਗੂ ਨਾਂ ਚਮਕਾ ਸਕਦੀ ਆ।”
ਨੋਟ–ਪਿਆਰੇ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੈ ।ਅਤੇ ਤੁਸੀਂ ਮਹਿਸੂਸ ਕਰਦੇ ਹੋ ਕਿ ਇਸ ਕਹਾਣੀ ਨੂੰ ਪੜਕੇ ਲੋਕਾਂ ਵਿੱਚ ਕੋਈ ਚੇਤਨਾ ਆ ਸਕਦੀ ਹੈ ਤਾਂ ਸ਼ੇਅਰ ਕਰੋ ।
ਇਹ ਕਹਾਣੀ ਦੋਸਤੋ ਬੜੀ ਰੂਹ ਨਾਲ ਲਿਖੀ ਹੈ ਪੜ ਕੇ ਕੰਮੈਂਟ ਕਰਨਾ ਨਾਂ ਭੁੱਲਣਾ।