ਕੁਲਵਿੰਦਰਜੀਤ ਕੌਰ ਕਿਸ਼ਨਪੁਰਾ
ਇਕੋ ਚੀਜ਼ ਦੇ ਗੁਲਾਮ ਹੋਗੇ ਅਸੀਂ ਸਾਰੇ ਅੱਜ ਦਾ ਯੁੱਗ ਮਸ਼ੀਨੀ ਯੁੱਗ ਹੈ | ਉਂਝ ਸਾਡੇ ਕੋਲ ਸਮਾਂ ਨਹੀਂ | ਹਰ ਪਾਸੇ ਹਫ਼ੜਾ-ਦਫ਼ੜੀ ਹੈ | ਪਰ ਇਕ ਗੱਲ ਖ਼ਾਸ ਜੋ ਤਕਰੀਬਨ ਬਿਮਾਰੀ ਜਿਹੀ ਬਣ ਗਈ ਹੈ, ਉਹ ਹੈ ‘ਮੋਬਾਈਲ’ | ਜਿਸ ਦੇ ਅਸੀਂ ਗੁਲਾਮ ਹੋ ਗਏ ਹਾਂ | ਜੇਕਰ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਅਸਲੀ ਮਾਂ-ਬਾਪ ਤਾਂ ਮੋਬਾਈਲ ਹੀ ਜਾਪਦਾ ਹੈ | ਕੋਈ ਗੱਲਬਾਤ ਨਹੀਂ, ਕੋਈ ਖੇਡ ਕਿਰਿਆ ਨਹੀਂ, ਕੋਈ ਸਰੀਰਕ ਕੰਮ ਨਹੀਂ, ਬਸ ਅੱਡੋ-ਅੱਡ ਕਮਰੇ ਤੇ ਅੱਡੋ-ਅੱਡ ‘ਟਿਕ ਟਿਕ’ | ਰਹਿੰਦੀ ਕਸਰ ਇੰਟਰਨੈੱਟ ਨੇ ਪੂਰੀ ਕਰ ਦਿੱਤੀ ਹੈ | ਨੌਜਵਾਨ ਪੀੜ੍ਹੀ ਤੋਂ ਬਾਅਦ ਜੇਕਰ ਮੈਂ ਅਧਿਆਪਕ ਵਰਗ ਦੀ ਗੱਲ ਕਰਾਂ ਤਾਂ ਮੋਬਾਈਲ ਸਿੱਖਿਆ ਵਿਚ ਚੰਗੀ ਭੂਮਿਕਾ ‘ਸੁਣਾ ਕੇ ਅਤੇ ਦਿਖਾ ਕੇ’ ਨਿਭਾਅ ਸਕਦਾ ਹੈ | ਪਰ ਇਸ ਦੀ ਵਰਤੋਂ ਤਾਂ ਚੈਟਿੰਗ ਅਤੇ ‘ਵਟਸ ਐਪ’ ਜੋਗੀ ਰਹਿ ਗਈ ਹੈ | ਸਾਡੇ ਕੋਲ ਬੱਚਿਆਂ ਜੋਗਾ ਸਮਾਂ ਨਹੀਂ ਰਿਹਾ, ਕਾਦਰ ਦੀ ਕੁਦਰਤ ਨੂੰ ਮਾਨਣ ਦਾ ਸਮਾਂ ਹੈ ਜਾਂ ਨਹੀਂ ਪਰ ਸ਼ਾਇਦ ਇਹ ਤੁਹਾਨੂੰ ਵੀ ਠੇਸ ਪਹੁੰਚਾਏਗਾ ਕਿ ਅਸੀਂ ਕਿਥੇ ਖੜ੍ਹੇ ਹਾਂ? ‘ਇਕ ਅਧਿਆਪਕ ਨੇ ‘ਮੇਰੀ ਸਭ ਤੋਂ ਵੱਡੀ ਤਮੰਨਾ’ ਵਿਸ਼ੇ ‘ਤੇ ਲੇਖ ਲਿਖਣ ਲਈ ਕਿਹਾ ਤਾਂ ਬੱਚੇ ਨੇ ਪ੍ਰਮਾਤਮਾ ਨੂੰ ਕਿਹਾ ਕਿ ਉਹ ਉਸ ਨੂੰ ‘ਮੋਬਾਈਲ’ ਬਣਾ ਦੇਵੇ | ਜੇਕਰ ਮੈਂ ਮੋਬਾਈਲ ਬਣ ਜਾਵਾਂਗਾ ਤਾਂ ਘਰ ਵਿਚ ਮੇਰੀ ਖਾਸ ਥਾਂ ਹੋਵੇਗੀ, ਸਾਰਾ ਪਰਿਵਾਰ ਮੇਰੇ ਦੁਆਲੇ ਘੰੁਮੇਗਾ | ਮੈਨੂੰ ਰੋਕਿਆ-ਟੋਕਿਆ ਨਹੀਂ ਜਾਵੇਗਾ | ਪਾਪਾ ਦਫ਼ਤਰ ਤੋਂ ਲੇਟ ਆਉਣ ਦੇ ਬਾਵਜੂਦ ਮੇਰੇ ਨਾਲ ਬੈਠਣਗੇ | ਮੰਮੀ ਟੈਨਸ਼ਨ ਵਿਚ ਵੀ ਮੈਨੂੰ ਡਾਂਟੇਗੀ ਨਹੀਂ | ਜਦੋਂ ਮੈਂ ਬੰਦ ਰਹਾਂਗਾ ਤਾਂ ਵੀ ਮੇਰੀ ਦੇਖਭਾਲ ਹੋਵੇਗੀ | ਮੋਬਾਈਲ ਦੇ ਰੂਪ ਵਿਚ ਹੀ ਮੈਂ ਸਭ ਨੂੰ ਖੁਸ਼ੀ ਦੇ ਸਕਾਂਗਾ ਹਾਂ |’
ਜੇਕਰ ਅਸੀਂ ਆਪਣੇ ਵੱਲ ਝਾਤੀ ਮਾਰੀਏ ਤਾਂ ਕੀ ਇਹ ਗੱਲ ਸਾਡੇ ‘ਤੇ ਤਾਂ ਨਹੀਂ ਢੁਕਦੀ? ਅੱਜ ਸਾਡੇ ਕਿਸੇ ਲਈ ਸਮਾਂ ਨਹੀਂ ਪਰ ਮੋਬਾਈਲ, ਟੀ. ਵੀ. ਜਾਂ ਫੇਸਬੁੱਕ ਸਾਡੇ ਲਈ ਬੱਚਿਆਂ ਅਤੇ ਪਰਿਵਾਰ ਤੋਂ ਵੀ ਜ਼ਰੂਰੀ ਹੋ ਗਿਆ ਹੈ? ਚਾਹੇ ਬਦਲਾਅ ਸਮੇਂ ਦਾ ਨਿਯਮ ਹੈ ਪਰ ਹਰ ਚੀਜ਼ ਹੱਦ ਵਿਚ ਹੀ ਠੀਕ ਲਗਦੀ ਹੈ | ਵਾਕਿਆ ਹੀ ਅਸੀਂ ਇਸ ਨਿੱਕੀ ਜਿਹੀ ਡੱਬੀ ਦੇ ਗੁਲਾਮ ਹੋਗੇ ਲਗਦੇ ਹਾਂ, ਜਿਵੇਂ ਰੋਟੀ ਬਿਨਾਂ ਤਾਂ ਸਾਡਾ ਸਰਜੂ ਪਰ ਮੋਬਾਈਲ ਬਿਨਾਂ ਨੀ ਸਰਨਾ |
-ਕੁਲਵਿੰਦਰਜੀਤ ਕੌਰ ਕਿਸ਼ਨਪੁਰਾ
ਸ. ਐ. ਸ. ਚੱਬਾ, ਅੰਮਿ੍ਤਸਰ |