ਗੁਮਨਾਮ
ਕਹਾਣੀ-ਮਿੱਠੜੇ ਮੇਵੇ
ਅਕਸਰ ਦੀ ਤਰ੍ਹਾਂ ਢਿੱਡੋਂ ਜਾਏ ਦਾ ਫੋਨ ਆਇਆ ਸੀ, ‘ਬੇਬੇ ਦਾ ਕੀ ਹਾਲ ਏ… ਤਾਇਆ ਕਹਿ ਰਿਹਾ ਸੀ ਕਿ ਹਾਲਤ ਵਿਚ ਕੁਝ ਸੁਧਾਰ ਏ… |… ਕਿਹੜੇ ਹਸਪਤਾਲ ਵਿਚ ਦਾਖਲ ਕਰਵਾਈ ਏ… ਮੈਂ ਪੈਸੇ ਭੇਜ ਰਿਹਾ ਹਾਂ… ਵਧੀਆ ਤੋਂ ਵਧੀਆ ਹਸਪਤਾਲ ਵਿਚ ਦਾਖਲ ਕਰਵਾਓ… ਪੈਸੇ ਦੀ ਕੋਈ ਪ੍ਰਵਾਹ ਨਾ ਕਰਿਓ… ਬਾਪੂ ਮੈਂ ਬੈਠਾਂ… |’
ਬੇਬੇ ਦੀ ਹਾਲਤ ਦਿਨੋ-ਦਿਨੀਂ ਖਰਾਬ ਹੋ ਰਹੀ ਸੀ | ਡਾਕਟਰ ਬਥੇਰੀ ਵਾਹ ਲਾ ਰਹੇ ਸਨ ਪਰ ਫਿਰ ਵੀ ਹੌਸਲਾ ਦੇ ਰਹੇ ਸਨ | ਪ੍ਰਦੇਸੋਂ ਫਿਰ ਘੰਟੀ ਵੱਜੀ, ‘…ਬਾਪੂ ਪੈਂਰੀਂ ਪੈਨ੍ਹਾ… ਕੀ ਹਾਲ ਏ ਬੇਬੇ ਦਾ… |… ਕੋਈ ਸੁਧਾਰ ਹੈ ਕਿ ਨਹੀਂ… ਮੈਂ ਕੰਮ ‘ਚ ਬਹੁਤ ਰੁੱਝਿਆ ਹੋਇਆ ਹਾਂ… ਪਰ ਬਾਪੂ ਪੈਸੇ ਦੀ ਪ੍ਰਵਾਹ ਨਾ ਕਰੀਂ… ਹੜ੍ਹ ਵਾਂਗ ਰੋੜ ਦੇ… ਭੋਰਾ ਨਾ ਡਰੀਂ… ਤੇਰਾ ਕਰਤਾਰਾ ਬਥੇਰਾ ਪੈਸਾ ਕਮਾਉਣ ਡਿਆ ਏ… |… ਬਸ ਬੇਬੇ ਬਚਣੀ ਚਾਹੀਦੀ ਏ… ਪਰ ਮੇਰੀ ਗੱਲ ਤਾਂ ਸੁਣ… ਹੈਲੋ… ਹੈਲੋ…’, ਵਿਚਕਾਰੋਂ ਗੱਲ ਕੱਟੀ ਗਈ ਤੇ ਕਈ ਕੁਝ ਬਾਪੂ ਦੇ ਸੰਘੇ ਵਿਚ ਹੀ ਅੜਿਆ ਰਹਿ ਗਿਆ |
‘…ਮੈਂ ਕਿਹਾ ਕਰਤਾਰੇ ਦੇ ਬਾਪੂ… ਮੈਂ ਨਹੀਂ ਬਚਣਾ ਹੁਣ… ਐਵੇਂ ਬਹੁਤਾ ਰੁਪਈਆ ਨਾ ਨਾਸ ਕਰ… ਪਤਾ ਨਹੀਂ ਕਿਹੜੇ ਹਾਲ ਵਿਚ ਰਹਿ ਕੇ ਕਰਤਾਰਾ ਪੈਸੇ ਭੇਜਦਾ ਏ… |… ਮੈਂ ਹੁਣ ਕਿਹੜੀਆਂ ਲੱਸੀਆਂ ਕਰਨੀਆਂ ਨੇ… ਕਿਹੜੇ ਲਵੇਰੇ ਰਿੜਕਣੇਂ ਨੇ… ਤੂੰ ਨਿਆਣਿਆਂ ਦਾ ਸੋਚ | ਜਿਹੜੇ ਪੈਸੇ ਮੇਰੇ ‘ਤੇ ਨਾਸ ਕਰਨ ਡਿਹਾਂ ਏ… ਉਹ ਜੀਤੋ ਦੇ ਵਿਆਹ ਲਈ ਰੱਖ… |… ਬਸ ਇਕ ਵਾਰੀ ਕਰਤਾਰਾ ਆ ਜਾਂਦਾ… ਤਾਂ ਮੇਰਾ ਸਾਹ ਸੌਖਾ ਨਿਕਲ ਜਾਂਦਾ… ਕਈ ਜੁਗੜੇ ਬੀਤ ਗਏ ਮੰੁਡੇ ਦਾ ਮੰੂਹ ਤੱਕੇ ਨੂੰ … ਹੁਣ ਤਾਂ ਆਂਦਰਾਂ ਜਹੀਆਂ ਵੀ ਸੁੱਕ ਗਈਆਂ ਨੇ… ਕਰਤਾਰੇ ਦੇ ਬਾਪੂ ਮੰੁਡੇ ਨੂੰ ਫੋਨ ਕਰ ਤੇ ਕਹਿ ਮੈਨੂੰ ਬਸ ਇਕ ਵਾਰੀ ਮਿਲ ਜਾਵੇ… ਬਸ ਠੰਢ ਪੈ ਜੇ ਕਲੇਜੇ ਨੂੰ …’, ਹਸਪਤਾਲ ਵਿਚ ਆਖਰੀ ਘੜੀਆਂ ਗਿਣਤੀ ਬੇਬੇ ਜਹਾਨੋਂ ਕੂਚ ਕਰ ਗਈ |
‘…ਕਰਤਾਰਿਆ ਤੈਨੂੰ ਸਹਿਕਦੀ-ਸਹਿਕਦੀ ਮਰ ਗਈ ਤੇਰੀ ਬੇਬੇ… ਬਸ ਕਰਤਾਰਾ-ਕਰਤਾਰਾ ਆਖਦੀ ਰਹੀ ਆਖਰੀ ਸਾਹਾਂ ਤੱਕ… ਜੇ ਤੂੰ ਪਹੁੰਚ ਜਾਂਦਾ ਤਾਂ ਉਹਦੀ ਜਾਨ ਸੌਖੀ ਨਿਕਲ ਜਾਂਦੀ… |… ਚੰਗਾ ਦਸਵੇੇਂ ਨੂੰ ਭੋਗ ਏ…ਪਰ ਤੂੰ ਚੌਥੇ ‘ਤੇ ਆ ਜਾਵੀਂ… ਘੱਟੋ-ਘੱਟ ਉਹ ਦੀਆਂ ਹੱਡੀਆਂ ਤਾਂ ਆਪਣੇ ਹੱਥੀਂ ਚੁਗਲੈ ਆ ਕੇ…’, ਬਾਪੂ ਨੇ ਫੋਨ ਬੰਦ ਕੀਤਾ |
‘…ਬਾਪੂ ਜੇ ਮਾਂ ਜਿਊਾਦੀ ਰਹਿੰਦੀ ਤਾਂ ਮੈਂ ਆ ਵੀ ਜਾਂਦਾ… ਹੁਣ ਬੇਬੇ ਹੀ ਨਹੀਂ ਰਹੀ… ਹੁਣ ਮੈਂ ਕੀ ਕਰਨਾ ਏਾ ਏਡੀ ਦੂਰੋਂ ਆ ਕੇ… ਮੈਂ ਪੈਸੇ ਭੇਜ ਰਿਹਾ ਹਾਂ… ਬੇਬੇ ਦਾ ਇਕੱਠ ਬੜੀ ਧੂਮ-ਧਾਮ ਨਾਲ ਕਰਨਾ ਏ… | …ਮੈਂ ਕਿਹਾ ਗੱਲ ਤਾਂ ਸੁਣ…’ ਤੇ ਫਿਰ ਗੁੱਭ-ਗਲਾਟ ਬਾਪੂ ਦੇ ਗਲੇ ‘ਚ ਹੀ ਅੜਿਆ ਰਹਿ ਗਿਆ |
ਬਾਪੂ ਹੱਥੇ ਰਸੀਵਰ ਫੜੀ ਆਪਣਾ ਅੰਤ ਵੀ ਕੁਝ ਏਸੇ ਤਰ੍ਹਾਂ ਹੀ ਦੇਖ ਰਿਹਾ ਸੀ | ਭੋਗ ‘ਤੇ ਪੈਸਾ ਪਾਣੀ ਵਾਂਗ ਰੋੜਿ੍ਹਆ ਗਿਆ ਸੀ | ਪੂਰਾ ਜਹਾਨ ਸਿਫਤਾਂ ਕਰ ਰਿਹਾ ਸੀ ਪਰ ਬਾਪੂ ਜਾਣਦਾ ਸੀ ਕਿ ਕਰਤਾਰੇ ਦੀ ਮਾਂ ਦੀ ਆਤਮਾ ਦੀ ਖਿੱਲੀ ਉਡਾਈ ਜਾ ਰਹੀ ਸੀ, ਉਸ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਸੀ ਪਰ ਫਿਰ ਵੀ ਉਸ ਨੂੰ ਲੱਗ ਰਿਹਾ ਸੀ, ਜਿਵੇਂ ਵਿਹੜੇ ਵਿਚ ਲੱਗੀ ਧਰੇਕ ‘ਤੇ ਟੰਗੀ ਅਸਥੀਆਂ ਦੀ ਥੈਲੀ ਕਹਿ ਰਹੀ ਹੋਵੇ’, ਕਰਤਾਰਿਆ ਜਿਊਦਾ ਵਸਦਾ ਰਹੁ ਭਾਵੇਂ ਸੱਤ ਸਮੰੁਦਰੋਂ ਪਾਰ ਹੀ ਰਹੋ… ਲੰਮੀਆਂ ਉਮਰਾਂ ਮਾਣੇ… ਤੇ ਬਾਪੂ ਦੀ ਭੁੱਬ ਨਿਕਲ ਗਈ |
ਉਸ ਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਪੁੱਤਰ ਜ਼ਿਆਦਾ ਮਿੱਠੜੇ ਮੇਵੇ ਹੁੰਦੇ ਨੇ ਜਾਂ ਪੈਸਾ | ਪੈਸੇ ਨਾਲ ਦੁੱਧ ਤਾਂ ਖਰੀਦਿਆ ਜਾ ਸਕਦਾ ਏ ਪਰ ਮਾਂ ਦੀ ਛਾਤੀ ਦਾ ਨਿੱਘ ਨਹੀਂ | ਸ਼ਾਇਦ ਪੈਸਾ ਹੀ ਮਿਠੜਾ ਮੇਵਾ ਏ | ਉਸ ਦੀਆਂ ਕੁਰਲਾਹਟਾਂ ਸੁਣ ਕੇ ਸ਼ਾਇਦ ਮਾਂ ਦੀਆਂ ਅਸਥੀਆਂ ਵੀ ਭੁੱਬੀਂ ਮਾਰ ਰੋ ਰਹੀਆਂ ਸਨ |
-ਪਿੰਡ ਰਾਊਵਾਲ, ਡਾਕ: ਦੀਨਾਨਗਰ, ਤਹਿਸੀਲ ਤੇ ਜ਼ਿਲ੍ਹਾ ਗੁਰਦਾਸਪੁਰ (ਪੰਜਾਬ) |
ਮੋਬਾਈਲ : 98559-91055