ਪੀੜਾਂ ਦੀ ਵਾਰਤਾ
ਮੈਂ ਭੱਠਾ ਮਜ਼ਦੂਰਾਂ ਨੂੰ ਜਦੋਂ ਧੁੱਪ ‘ਚ ਇੱਟਾਂ ਕੱਢਦੇ ਦੇਖਦਾਂ।
ਜਾਂ ਕਿਸੇ ‘ਸੀਰੀ’ ਨੂੰ ਕੋਹਰੇ ਵਿੱਚ ਬਰਸੀਨ ਨੂੰ ਵੱਢਦੇ ਦੇਖਦਾਂ ।
ਜਾਂ ਕਿਸੇ ਫਾਰਮ ਵਿੱਚੋਂ ਮੁਰਗੀਆਂ ਨੂੰ ਟੈਂਪੂ ਵਿਚ ਲੱਦ ਦੇ ਦੇਖਦਾਂ
ਜਾਂ ਫੁੱਲਾਂ ਵਰਗੇ ਬਚਪਨ ਨੂੰ ਲੋਕਾਂ ਅੱਗੇ ਹੱਥ ਅੱਡਦੇ ਦੇਖਦਾਂ।
ਤਾਂ ਮੇਰਾ ਵੀ ਜੀਅ ਕਰਦੈ…. ਕੋਈ ਕਵਿਤਾ ਲਿਖਾਂ ।
.
ਮੈਂ ਜਦੋਂ ਮੀਹਾਂ ਵਿੱਚ ਗ਼ਰੀਬਾਂ ਦੇ ਕੋਠੇ ਚੋਂਦੇ ਦੇਖਦਾਂ।
ਜਾ ਗੁਰਬਤ ਮਾਰਿਆਂ ਨੂੰ ਫੁਟਪਾਥਾਂ ‘ਤੇ ਸੌਂਦੇ ਦੇਖਦਾ ਹਾਂ।
ਜਾਂ ਕਿਸੇ ‘ਵਿਧਵਾ’ ਨੂੰ ‘ਬੇਗਾਨੇ ਘਰਾਂ’ ਦਾ ਗੋਹਾ ਢੋਂਦੇ ਦੇਖਦਾਂ ।
ਜਾਂ ਕਿਸੇ ਬਾਪੂ ਨੂੰ ‘ਨਸ਼ੇੜੀ ਪੁੱਤ’ ਦੀ ਚਿਤਾ ਨੂੰ ਅੱਗ ਲਾਉਂਦੇ ਦੇਖਦਾਂ।
ਤਾਂ ਮੇਰਾ ਵੀ ਜੀਅ ਕਰਦੈ… ਕੋਈ ਕਵਿਤਾ ਲਿਖਾਂ ।
.
ਮੈਂ ਜਦੋਂ ਕੁੱਖਾਂ ਵਿੱਚ ਮਰਦੀਆਂ ਕੁੜੀਆਂ ਬਾਰੇ ਪੜ੍ਹਦਾਂ।
ਜਾਂ ਕਾਲਜਾਂ ਵਿੱਚ ਵਿਕਦੀਆਂ ਨਸ਼ੇ ਦੀਆਂ ਪੁੜੀਆਂ ਬਾਰੇ ਪੜ੍ਹਦਾਂ
ਜਾਂ ਬਿਰਧ ਘਰਾਂ ਵਿੱਚ ਠੇਡੇ ਖਾਂਦੇ ਸਤਿਕਾਰਯੋਗ ‘ਬੁੜ੍ਹੇ ਬੁੜ੍ਹੀਆਂ’ ਬਾਰੇ ਪੜ੍ਹਦਾਂ।
ਜਾਂ ਦਾਜ ਦੇ ਦਰਿਆਵਾਂ ਵਿੱਚ ਨਿਰਦੋਸ਼ ਜਾਨਾਂ ਰੁੜੀਆਂ ਬਾਰੇ ਪੜ੍ਹਦਾਂ।
ਤਾਂ ਮੇਰਾ ਵੀ ਜੀ ਕਰਦੈ… …ਕੋਈ ਕਵਿਤਾ ਲਿਖਾਂ ।
.
ਮੈਂ ਜਦੋਂ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੁੰਦੇ ਕਿਸਾਨ ਦੇਖਦਾਂ।
ਬੰਦਿਆਂ ਦੀਆਂ ‘ਕੁੱਲੀਆਂ’ ਤੇ ‘ਰੱਬ’ ਦੇ ‘ਆਲੀਸ਼ਾਨ ਮਕਾਨ’ ਦੇਖਦਾਂ।
ਜਾਂ ਨਰਕਾਂ ਦੇ ਡਰਾਵੇ ਦੇ ਦੇ ਲੁੱਟਦੇ ਪਖੰਡੀ ਬਾਬੇ ਦੀ ਦੁਕਾਨ ਦੇਖਦਾਂ।
ਜਾਂ ਧਰਮਾਂ ਦੇ ਨਾਂਅ ਤੇ ਡਾਂਗੋ- ਡਾਂਗੀ ਹੁੰਦੇ ਇਨਸਾਨ ਦੇਖਦਾਂ।
ਤਾਂ ਮੇਰਾ ਵੀ ਜੀਅ ਕਰਦੈ… ਕੋਈ ਕਵਿਤਾ ਲਿਖਾਂ ।
.
ਮੈਂ ਜਦੋਂ ਥਾਂ ਥਾਂ ਪੁਲਸ ਦੀਆਂ ਡਾਂਗਾਂ ਖਾਂਦੇ ਬੇਰੁਜ਼ਗਾਰ ਦੇਖਦਾ ਹਾਂ।
ਜਾਂ ਪੰਜ ਸਾਲਾਂ ਪਿੱਛੋਂ ਪਿੰਡ ਵਿਚ ਬੜੀ ਝੰਡੀ ਵਾਲੀ ਕਾਰ ਦੇਖਦਾ ਹਾਂ।
ਸਾਲ ਚ ਸਿਰਫ ਇਕ ਦਿਨ ‘ਭਗਤ -ਸਰਾਭੇ’ ਦੇ ਗਲਾਂ ਚ ਹਾਰ ਦੇਖਦਾ ਹਾਂ।
ਜਾਂ ਪੰਜਾਬੀ ਮੁੰਡਿਆਂ ਦੇ ਸਿਰਾਂ ਤੋਂ ਗਾਇਬ ਹੁੰਦੀ ਦਸਤਾਰ ਦੇਖਦਾ ਹਾਂ।
ਤਾਂ ਮੇਰਾ ਵੀ ਜੀ ਕਰਦੈ.. ਕੋਈ ਕਵਿਤਾ ਲਿਖਾਂ ।
.
ਜਦੋਂ ‘ਮੈਰਿਜ ਪੈਲੇਸਾਂ’ ਦੇ ਗੇਟਾਂ ਤੇ ਤਾਰਾਂ ‘ਚ ਬਿੰਨ੍ਹੇ ਹੋਏ ਫੁੱਲ ਦੇਖਦਾ ਹਾਂ।
ਜਾਂ ਅੱਜਕਲ੍ਹ ‘ਲਾੜਿਆਂ’ ਦੇ ‘ਡੰਗਰਾਂ’ ਵਾਂਗੂ ਪੈਂਦੇ ਮੁੱਲ ਦੇਖਦਾ ਹਾਂ
ਜਾਂ ਜਦੋਂ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਢਿੱਲੇ ਢਿੱਲੇ ਬੁੱਲ ਦੇਖਦਾ ਹਾਂ।
ਜਾਂ ‘ਪੰਜਾਬੀ ਗੀਤਾਂ’ ਵਿੱਚੋਂ ‘ਸੱਭਿਆਚਾਰ’ ਦੀ ਬੱਤੀ ਗੁੱਲ ਦੇਖਦਾ ਹਾਂ।
ਤਾਂ ਮੇਰਾ ਜੀ ਕਰਦੈ…… ਕੋਈ ਕਵਿਤਾ ਲਿਖਾਂ।
ਜੇ. ਬੇਤਾਬ