Harpreet Singh Jawanda

    maxresdefault.jpg

    ਬਟੂਆ ਪੰਜਾਬੀ ਕਹਾਣੀ …
    ਸੁਆਰੀਆਂ ਨਾਲ ਭਰੀ ਬੱਸ ਅੱਡੇ ਤੇ ਆਕੇ ਰੁਕੀ ਹੀ ਸੀ ਕੇ ਕੰਡਕਟਰ ਦੀ ਨਜਰ ਭੁੰਜੇ ਡਿੱਗੇ ਬਟੂਏ ਤੇ ਜਾ ਪਈ !
    ਬਟੂਏ ਵਿਚੋਂ ਥੋੜੇ ਜਿਹੇ ਪੈਸੇ ਤੇ ਇਕ ਬਾਬੇ ਨਾਨਕ ਦੀ ਫੋਟੋ ਤੋਂ ਇਲਾਵਾ ਕੁਝ ਨਾ ਨਿਕਲਿਆ !
    ਕੰਡਕਟਰ ਨੇ ਉੱਚੀ ਸਾਰੀ ਹੋਕਾ ਦੇ ਕਿਹਾ ਬਈ ਗੁਆਚਾ ਬਟੂਆ ਲੱਭਾ ਹੈ ਤੇ ..ਨਿਸ਼ਾਨੀ ਦੱਸ ਕੇ ਲੈ ਜਾਵੋ !
    ਡੰਡੇ ਦੇ ਸਹਾਰੇ ਤੁਰਦਾ ਬਜ਼ੁਰਗ ਅਗਾਂਹ ਆਇਆ ਤੇ ਕਹਿੰਦਾ ਕੇ ਪੁੱਤ ਇਹ ਮੇਰਾ ਗੁਆਚਾ ਹੋਇਆ ਬਟੂਆ ਹੈ ਤੇ ਇਸਦੀ ਨਿਸ਼ਾਨੀ ਇਹ ਹੈ ਕੇ ਵਿਚ ਬਾਬੇ ਨਾਨਕ ਦੀ ਫੋਟੋ ਲੱਗੀ ਹੈ !
    ਕਹਿੰਦਾ ਬਾਪੂ ਸਾਬਿਤ ਕਰਨਾ ਪਊ ਕੇ ਇਹ ਤੇਰਾ ਹੈ …ਬਾਬੇ ਨਾਨਕ ਦੀ ਫੋਟੋ ਤੇ ਹਰੇਕ ਦੇ ਬਟੂਏ ਚੋਂ ਮਿਲ ਜਾਊ ..ਨਾਲੇ ਇਹ ਦੱਸ ਕੇ ਬਟੂਏ ਵਿਚ ਤੈਂ ਆਵਦੀ ਫੋਟੋ ਕਿਓਂ ਨਹੀਂ ਲਾਈ …..?
    ਬਜ਼ੁਰਗ ਲੰਮਾ ਸਾਹ ਲੈ ਕਹਿੰਦਾ ਪੁੱਤ ਗੱਲ ਥੋੜੀ ਲੰਮੀ ਹੈ ਧਿਆਨ ਨਾਲ ਸੁਣੀ … ਇਹ ਬਟੂਆ ਨਿੱਕੇ ਹੁੰਦਿਆਂ ਮੇਰੇ ਬੇਬੇ ਬਾਪੂ ਨੇ ਲੈ ਕੇ ਦਿੱਤਾ ਸੀ ..ਨਾਲੇ ਰੋਜ ਰੋਜ ਪੈਸੇ ਦਿੰਦੇ ਸੀ ਖਰਚਣ ਨੂੰ ..ਬੜੇ ਚੰਗੇ ਲੱਗਦੇ ਸੀ …ਇੱਕ ਦਿਨ ਇਸ ਬਟੂਏ ਵਿਚ ਓਹਨਾ ਦੀ ਫੋਟੋ ਲਾ ਲਈ !
    ਫੇਰ ਜੁਆਨ ਹੋਇਆ …ਖੁੱਲੀ ਖੁਰਾਕ ..ਗੱਲਾਂ ਦਾ ਲਾਲ ਸੂਹਾ ਰੰਗ ..ਫੜਕਦੇ ਡੌਲੇ ..ਜੁਆਨੀ ਵਾਲਾ ਜ਼ੋਰ ..ਘੰਟਿਆਂ ਬੱਦੀ ਸ਼ੀਸ਼ੇ ਅੱਗੇ ਖਲੋਤਾ ਆਪਣੇ ਆਪ ਨੂੰ ਦੇਖਦਾ ਰਹਿੰਦਾ ਸੀ ….ਭੁਲੇਖਾ ਪੈ ਗਿਆ ਕੇ ਸ਼ਾਇਦ ਦੁਨੀਆ ਦਾ ਸਭ ਤੋਂ ਖੂਬਸੂਰਤ ਤੇ ਤਾਕਤਵਰ ਇਨਸਾਨ ਮੈਂ ਹੀ ਸਾਂ !
    ਜੁਆਨੀ ਦੇ ਲੋਰ ਵਿਚ ਇੱਕ ਦਿਨ ਬਟੂਏ ਚੋਂ ਮਾਪਿਆਂ ਦੀ ਫੋਟੋ ਕੱਢੀ ਤੇ ਆਪਣੇ ਆਪ ਦੀ ਲਾ ਲਈ…!
    ਫੇਰ ਵਿਆਹ ਹੋ ਗਿਆ ..ਸੋਹਣੀ ਵਹੁਟੀ ਦੇਖ ਸਰੂਰ ਜਿਹਾ ਚੜ ਗਿਆ .. ਆਪਣੀ ਫੋਟੋ ਕੱਢੀ ਤੇ ਉਸਦੀ ਲਾ ਲਈ …!
    ਫੇਰ ਸੋਹਣੇ ਪੁੱਤ ਨੇ ਘਰ ਜਨਮ ਲਿਆ …ਗਿੱਠ ਗਿੱਠ ਭੋਇੰ ਤੋਂ ਉਚਾ ਹੋ ਹੋ ਤੁਰਨ ਲੱਗਿਆ ..ਜੁਆਨ ਹੁੰਦਾ ਪੁੱਤ ਦੇਖ ਇੱਕ ਦਿਨ ਬਟੂਏ ਚੋਂ ਵਹੁਟੀ ਦੀ ਫੋਟੋ ਕੱਢ ਪੁੱਤ ਦੀ ਲਾ ਲਈ…!
    ਫੇਰ ਸਮੇ ਦਾ ਚੱਕਰ ਚਲਿਆ …ਜੁਆਨੀ ਵਾਲਾ ਜ਼ੋਰ ਜਾਂਦਾ ਰਿਹਾ ..ਮਾਂ ਪਿਓ ਵੀ ਤੁਰ ਗਏ ਦੁਨੀਆ ਤੋਂ ..ਵਹੁਟੀ ਵੀ ਸਦਾ ਵਾਸਤੇ ਸਾਸਰੀ ਕਾਲ ਬੁਲਾ ਗਈ ਇੱਕ ਦਿਨ ! ਫੇਰ ਇੱਕ ਦਿਨ ਜਿਹੜੇ ਪੁੱਤ ਤੇ ਇਨਾਂ ਮਾਣ ਸੀ ਉਹ ਵੀ ਕੱਲਾ ਛੱਡ ਟੱਬਰ ਲੈ ਦੂਜੇ ਸ਼ਹਿਰ ਚਲਿਆ ਗਿਆ …ਤੇ ਜਾਂਦਿਆਂ ਕਹਿ ਗਿਆ ਮਗਰੇ ਨਾ ਆਵੀਂ ..ਘਰੇ ਕਲੇਸ਼ ਪੈਂਦਾ !
    ਫੇਰ ਇਕ ਦਿਨ ਸਾਰਾ ਕੁਝ ਗੁਆ ਮੱਸਿਆ ਦੇ ਮੇਲੇ ਵਿਚ ਕਮਲਿਆਂ ਵਾੰਗ ਕੱਲੇ ਤੁਰੇ ਫਿਰਦੇ ਨੂੰ ਬਾਬੇ ਨਾਨਕ ਦੀ ਫੋਟੋ ਦਿਸ ਪਈ …ਓਸੇ ਵੇਲੇ ਮੁੱਲ ਲੈ ਬਟੂਏ ਵਿਚ ਲਾ ਲਈ…ਬਸ ਉਸ ਦਿਨ ਤੋਂ ਬਾਅਦ ਮੈਂ ਤੇ ਮੇਰਾ ਬਾਬਾ ਨਾਨਕ ..ਜਿੰਦਗੀ ਦੀ ਗੱਡੀ ਤੁਰੀ ਜਾਂਦੀ ਇਸੇ ਤਰਾਂ ..ਕਈ ਵਾਰੀ ਗੱਲਾਂ ਕਰ ਲਈ ਦੀਆਂ ਦੁੱਖ ਸੁਖ ਕਰ ਲਈਦੇ ਬਾਬੇ ਨਾਨਕ ਨਾਲ !
    ਬੁੱਤ ਬਣੇ ਕੰਡਕਟਰ ਨੇ ਬਾਪੂ ਨੂੰ ਬਟੂਆ ਮੋੜ ਦਿੱਤਾ ਤੇ ਬਾਪੂ ਆਪਣੇ ਰਾਹ ਪੈ ਗਿਆ !
    ਥੋੜੀ ਦੇਰ ਬਾਅਦ ਅੱਖਾਂ ਪੂੰਝਦਾ ਕੰਡਕਟਰ ਅੱਡੇ ਤੇ ਹੀ ਫੋਟੋਆਂ ਕਲੰਡਰਾਂ ਵਾਲੀ ਦੁਕਾਨ ਤੇ ਖਲੋਤਾ ਦੁਕਾਨਦਾਰ ਨੂੰ ਕਹਿ ਰਿਹਾ ਸੀ ..” ਭਾਈ ਸਾਬ ਇੱਕ ਬਾਬੇ ਨਾਨਕ ਦੀ ਫੋਟੋ ਦੇਣਾ.. ਬਟੂਏ ਵਿਚ ਲਾਉਣੀ ਹੈ ”
    ਰੱਬ ਰਾਖਾ
    Harpreet Singh Jawanda

    Email

    mastram

    By Harpreet Singh Jawanda

    Posts that sent by Users

    Leave a Reply

    Your email address will not be published. Required fields are marked *