ਕੋਈ ਇਮਾਰਤ ਖੜੀ ਕਰਨੀ ਹੋਵੇ ਤਾਂ ਬਣਾਉਣ ਵਾਲੇ ਦੀ ਕੋਸ਼ਿਸ਼ ਰਹਿੰਦੀ ਹੈ ਕਿ ਇਸ ਇਮਾਰਤ ਦੀ ਨੀਂਹ ਮਜ਼ਬੂਤ ਰੱਖੀ ਜਾਵੇ, ਤਾਂ ਜੋ ਇੱਕ ਤਾਂ ਲੰਬੇ ਸਮੇਂ ਤੱਕ ਬਣੀ ਰਹੇਗੀ ਅਤੇ ਦੂਸਰਾ ਕਿਸੇ ਕੁਦਰਤੀ ਆਫਤ ਦਾ ਟਾਕਰਾ ਅਰਾਮ ਨਾਲ ਕਰ ਲਵੇਗੀ। ਜਰੂਰੀ ਨਹੀਂ ਕਿ ਇੱਕਲੀਆਂ ਇਮਾਰਤਾਂ ਦੀਆਂ ਨੀਹਾਂ ਹੁੰਦੀਆਂ ਹਨ, ਪੌਦਿਆਂ ਦੀ ਵੀ ਨੀਹਾਂ ਉਹਨਾਂ ਦੀਆਂ ਜੜਾਂ ਵਿੱਚ ਹੁੰਦੀਆਂ ਹਨ, ਜਿੰਨੀਆਂ ਡੂੰਘੀਆਂ ਜੜ੍ਹਾਂ ਹੁੰਦੀਆਂ ਹਨ ਉਨ੍ਹਾਂ ਹੀ ਮਜ਼ਬੂਤ ਅਤੇ ਵੱਡਾ ਰੁੱਖ ਬਣਦਾ ਹੈ। ਜੇਕਰ ਇਸੇ ਉਦਾਹਰਨ ਨੂੰ ਮਨੁੱਖ ਉੱਪਰ ਲਗਾਇਆ ਜਾਵੇ ਤਾਂ ਮਨੁੱਖ ਦਾ ਜੀਵਨ ਵੀ ਸੰਸਕਾਰਾਂ ਰੂਪੀ ਨੀਂਹ ਉੱਪਰ ਖੜ੍ਹਾ ਹੁੰਦਾ ਹੈ। ਬਚਪਨ ਵਿੱਚ ਜਿੰਨੇ ਵਧੀਆ ਸੰਸਕਾਰ ਬੱਚੇ ਨੂੰ ਮਿਲੇ ਹੁੰਦੇ ਹਨ ਉਨ੍ਹੇ ਹੀ ਹੋਣਹਾਰ ਤੇ ਜਿੰਮੇਵਾਰ ਬੱਚੇ ਭਵਿੱਖ ਵਿੱਚ ਨਿਖਰ ਕੇ ਸਾਹਮਣੇ ਆਉਂਦੇ ਹਨ। ਸੰਸਕਾਰ ਇੱਕ ਬੀਜ ਰੂਪੀ ਹਨ, ਜਿੰਨਾ ਵਿਚੋਂ ਸਮਾਜ ਦੇ ਨਾਗਰਿਕ ਰੂਪੀ ਪੌਦੇ ਨੇ ਪੈਦਾ ਹੋਣਾ ਹੈ। ਜਿਵੇਂ ਦਾ ਬੀਜ਼ ਹੋਵੇਗਾ ਉਵੇਂ ਦਾ ਫਲ ਮਿਲੇਗਾ।
ਇੱਕ ਬੱਚਾ ਜਦੋਂ ਕੋਈ ਵਿਲੱਖਣ ਕੰਮ ਕਰਦਾ ਹੈਂ , ਉੱਚੀਆਂ ਬੁਲੰਦੀਆਂ ਨੂੰ ਛੂਹਦਾ ਹੈ ਤਾਂ ਸਭ ਤੋਂ ਪਹਿਲਾਂ ਬੱਚੇ ਦੇ ਸੰਸਕਾਰਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਕਿਸੇ ਚੰਗੇ ਪਰਿਵਾਰ ਦੀ ਪਰਵਰਿਸ਼ ਹੈ,ਇਸਦੇ ਉੱਲਟ ਜੇਕਰ ਕੋਈ ਨਿਕੰਮਾ ਨਿਕਲਦਾ ਹੈ ਤਾਂ ਵੀ ਸਭ ਤੋਂ ਪਹਿਲਾਂ ਸੰਸਕਾਰਾਂ ਨੂੰ ਹੀ ਕੋਸਿਆ ਜਾਂਦਾ ਹੈ। ਚੰਗੀ ਪਰਵਰਿਸ਼ ਅਤੇ ਚੰਗੇ ਸੰਸਕਾਰਾਂ ਦੀ ਪਰਖ ਕੇਵਲ ਸਫ਼ਲ ਹੋਣ ਜਾਂ ਅਸਫ਼ਲ ਹੋਣ ਤੇ ਹੀ ਨਹੀਂ ਹੁੰਦੀ, ਤੁਹਾਡਾ ਸਮਾਜ ਵਿੱਚ ਵਿਚਰਨਾ, ਤੁਹਾਡਾ ਲੋਕਾਂ ਨਾਲ ਵਿਵਹਾਰ ਤੁਹਾਡਾ ਚਰਿੱਤਰ, ਤੁਹਾਡੀ ਬੋਲ ਬਾਣੀ ਸਭ ਤੁਹਾਡੇ ਸੰਸਕਾਰਾਂ ਦਾ ਹੀ ਨਤੀਜਾ ਅਤੇ ਪ੍ਰਦਰਸ਼ਨ ਹਨ।
ਇੱਥੇ ਦੋ ਵਿਅਕਤੀਆਂ ਦੀ ਭੂਮਿਕਾ ਅਤੇ ਜਿੰਮੇਵਾਰੀ ਬਰਾਬਰ ਦੀ ਹੈ ਪਹਿਲੀ ਮਾਪਿਆਂ ਦੀ ਅਤੇ ਦੂਸਰੀ ਬੱਚਿਆਂ ਦੀ। ਮਾਪਿਆਂ ਦੀ ਭੂਮਿਕਾ ਬੱਚਿਆਂ ਨੂੰ ਘਰ ਵਿੱਚ ਇੱਕ ਅਜਿਹਾ ਮਾਹੌਲ ਸਿਰਜ ਕੇ ਦੇਣ ਦੀ ਹੈ ਜਿਸ ਵਿੱਚ ਬੱਚੇ ਦਾ ਹਰ ਤਰ੍ਹਾਂ ਦਾ ਵਿਕਾਸ ਹੋ ਸਕੇ, ਉਸਨੂੰ ਚੰਗੀਆਂ ਆਦਤਾਂ ਦਾ ਆਦੀ ਬਣਾਇਆ ਜਾ ਸਕੇ। ਦੂਸਰੇ ਪਾਸੇ ਬੱਚਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਮਾਪਿਆਂ ਦੇ ਸੰਸਕਾਰਾਂ ਨੂੰ ਸਾਹਮਣੇ ਰੱਖ ਕੇ ਆਪਣੇ ਹਰ ਕਾਰ ਵਿਹਾਰ ਨੂੰ ਕਰਨ। ਇਹ ਸੋਚ ਕਿ ਚੱਲਣ ਕਿ ਉਹਨਾਂ ਦੁਆਰਾ ਕੀਤੇ ਕਿਸੇ ਕੰਮ ਦਾ ਸਭ ਤੋਂ ਪਹਿਲਾਂ ਜਿੰਮੇਵਾਰ ਉਹਨਾਂ ਦੀ ਪਰਵਰਿਸ਼ ਨੂੰ ਮੰਨਿਆ ਜਾਵੇਗਾ।
Harkirat Kaur