“ਭਾਬੀ!! ਓ ਭਾਬੀ!! ਜਲਦੀ ਬਾਹਰ ਆ!! ਮੈਨੂੰ ਲੱਗਦਾ ਪਿੰਡ ਚ ਕੁੱਛ ਹੋ ਗਿਆ!!! ਭਾਬੀ!!! ਭਾਬੀ ਤੂੰ ਦਰਵਾਜਾ ਕਿਓਂ ਨੀ ਖੋਲਦੀ!!!?”
ਜੀਤੀ ਘਬਰਾਈ ਪਈ ਸੀ। ਉਸਦੇ ਫੌਜੀ ਭਰਾ ਦੀ ਲਾਸ਼ ਪਿੰਡ ਵਿੱਚ ਲਿਆਉਣ ਦੀ ਖਬਰ ਹੁਣੇ-ਹੁਣੇ ਉਡੀ ਸੀ। ਗੁਰੂਦੁਆਰੇ ਲਾਊਡ ਸਪੀਕਰ ਉਪਰ ਭਾਈ ਜੀ ਨੇ ਸਵੇਰੇ ਪੰਜ ਵਜੇ ਇਹ ਖਬਰ ਸਾਰੇ ਪਿੰਡ ਨੂੰ ਦਿੱਤੀ।
ਪਿੰਡ ਵਾਲਿਆਂ ਨੂੰ ਤਾਂ ਵੈਸੇ ਦੋ ਦਿਨ ਪਹਿਲੋਂ ਦਾ ਹੀ ਪਤਾ ਸੀ। ਪਿਛਲੀ ਰਾਤ ਦਸ ਕੁ ਵਜੇ ਸਰਪੰਚਣੀ ਵੀ ਆਈ ਸੀ ਘਰ ਜੀਤੀ ਦੀ ਭਾਬੀ ਪ੍ਰੀਤ ਨੂੰ ਮਿਲਣ।
ਭਾਈ ਪਿੰਡ ਦਾ ਇਕ ਮੋਢੀ ਸੂਰਮਾਂ ਚੜਾਈ ਕਰ ਗਿਐ। ਸਾਡੇ ਪਿੰਡ ਦਾ ਇਕ ਫੌਜੀ ਜਵਾਨ ਦੇਸ਼ ਲਈ ਸ਼ਹੀਦੀ ਪਾ ਗਿਆ ਹੈ। ਜਲਦੀ ਹੀ ਉਸਦੀ ਪਵਿੱਤਰ ਦੇਹ ਤਿਰੰਗੇ ਵਿੱਚ ਲਿਪਟੀ ਹੋਈ ਪਿੰਡ ਪਹੁੰਚ ਰਹੀ ਹੈ।
ਜੀਤੀ ਦਾ ਭਰਾ ਕੁਲਵੰਤ ਸਿੰਘ ਸੀ ਜਾਂ ਫੇਰ ਦੋ ਘਰ ਹੋਰ ਸਨ। ਜਿੰਨਾ ਦੇ ਮੁੰਡੇ ਫੌਜ ਵਿੱਚ ਗਏ ਹੋਏ ਸਨ। ਜੀਤੀ ਅਤੇ ਉਸਦੀ ਭਰਜਾਈ ਪ੍ਰੀਤ ਇਕੱਲੀਆਂ ਰਹਿੰਦੀਆਂ ਸਨ ਘਰ ਵਿੱਚ। ਪ੍ਰੀਤ ਨੂੰ ਹੀ ਜੀਤੀ ਦੀ ਜਿੰਮੇਦਾਰੀ ਦੇ ਗਿਆ ਸੀ ਕੁੱਲਵੰਤ।
ਜੀਤੀ ਨੇ ਜਦੋਂ ਇਹ ਭਾਈ ਜੀ ਦੀ ਕੀਤੀ ਅਪੀਲ ਸੁਣੀ ਤਾਂ ਓਹ ਸਮਝ ਗਈ ਕਿ ਹੋਵੇ ਨਾ ਹੋਵੇ ਇਹ ਭਾਣਾ ਓਨਾ ਦੇ ਘਰ ਹੀ ਵਰਤਿਆ ਹੈ। ਕਿਓਂਕਿ ਪਿਛਲੇ ਇਕ ਹਫਤੇ ਤੋਂ ਓਨਾ ਦੀ ਕੁਲਵੰਤ ਨਾਲ ਕੋਈ ਗੱਲ ਨਹੀਂ ਸੀ ਹੋਈ।
ਜੀਤੀ ਇਕੱਲੀ ਬਾਹਰ ਨਿੱਕਲਣ ਤੋਂ ਡਰ ਰਹੀ ਸੀ ਤੇ ਪ੍ਰੀਤ ਭਾਬੀ ਉਸ ਦੀ ਦਰਵਾਜਾ ਨਹੀਂ ਸੀ ਖੋਲ ਰਹੀ।
“ਭਾਬੀ ਗੁਰੂਦੁਆਰੇ ਅਪੀਲ ਹੋਈ ਆ ਤੂੰ ਬਾਹਰ ਆ ਜਾ!!!! ਮੈਨੂੰ ਲੱਗਦਾ ਵੀਰਾ ਚਲਿਆ ਗਿਆ!!!! ਭਾਬੀ!!!!!” ਜੀਤੀ ਦਰਵਾਜਾ ਖੜਕਾਈ ਜਾਵੇ ਪਰ ਅੰਦਰੋਂ ਕੋਈ ਜਵਾਬ ਨਾ ਆਵੇ।
ਓਧਰੋਂ ਪਿੰਡ ਵਾਲੇ ਬਾਹਰ ਆ ਗਏ। ਬਾਹਰੋਂ ਕੁੰਡਾ ਖੜਕਣ ਦੀਆਂ ਆਵਾਜ਼ਾਂ ਆਈ ਜਾਣ।
“ਭਾਬੀ!!! ਭਾਬੀ ਬਾਹਰ ਕੋਈ ਆਇਆ ਵਾ!!!” ਜੀਤੀ ਚੀਕੀ।
ਡਰਦੀ ਨੇ ਉਸ ਨੇ ਦਰਵਾਜੇ ਨੂੰ ਧੱਕਾ ਮਾਰਨਾ ਸ਼ੁਰੂ ਕਰ ਦਿੱਤਾ। ਪਰ ਦਰਵਾਜਾ ਕਿੱਥੇ ਟੁੱਟੇ। ਕਮਰੇ ਦੀ ਖਿੜਕੀ ਵੀ ਬੰਦ ਸੀ। ਹਾਰ ਕੇ ਜੀਤੀ ਨੇ ਚੁੰਨੀ ਸਿਰ ਉਪਰ ਲਈ ਅਤੇ ਬਾਹਰ ਵੱਲ ਭੱਜੀ।
ਵਿਹੜੇ ਵਿੱਚ ਖੂਹ ਬਣਿਆ ਹੋਣ ਕਰਕੇ ਸਾਰਾ ਪਿੰਡ ਕੁੱਲਵੰਤ ਫੌਜੀ ਦੇ ਘਰ ਨੂੰ ਖੂਹ ਵਾਲਿਆਂ ਦਾ ਘਰ ਕਹਿੰਦਾ ਹੁੰਦਾ ਸੀ। ਇਹ ਖੂਹ ਪੁਸ਼ਤਾਂ ਤੋਂ ਹੀ ਘਰ ਅੰਦਰ ਬਣਿਆ ਹੋਇਆ ਸੀ। ਇਸੇ ਖੂਹ ਦਾ ਪਾਣੀ ਪੀ ਕੇ ਕੁਲਵੰਤ ਵੱਡਾ ਹੋਇਆ ਸੀ।
ਜੀਤੀ ਦਾ ਪ੍ਰੀਤ ਨਾਲ ਸਹੇਲੀਆਂ ਵਾਲਾ ਪਿਆਰ ਸੀ। ਦਰਵਾਜਾ ਖੋਲਣ ਜਾਂਦੀ ਜੀਤੀ ਨੂੰ ਯਾਦ ਆਈ ਜਾਵੇ ਕਿ ਰਾਤ ਤਾਂ ਹਜੇ ਭਾਬੀ ਨਾਲ ਉਸਨੇ ਰੋਟੀ ਖਾਧੀ ਸੀ। ਖਬਨੀ ਭਾਬੀ ਨੇ ਕੀ ਕਰ ਲਿਆ ਹੋਣਾ!!
ਜੀਤੀ ਨੇ ਜਾ ਕੇ ਦਰਵਾਜਾ ਖੋਲਿਆ। ਉਸਦੇ ਸਾਹਮਣੇ ਪਿੰਡ ਦੇ ਬਜ਼ੁਰਗ ਬੰਦੇ ਖੜੇ ਸਨ ਅਤੇ ਔਰਤਾਂ ਵੀ ਸਨ। ਔਰਤਾਂ ਅੱਗੇ ਹੋਈਆਂ ਖੜੀਆਂ ਸਨ ਅਤੇ ਬੰਦੇ ਪਿੱਛੇ ਸਨ।
“ਜੀਤੀ ਧੀਏ!! ਤੇਰੀ ਭਰਜਾਈ ਕਿੱਥੇ ਆ!?” ਇਕ ਔਰਤ ਬੋਲੀ।
ਜੀਤੀ ਸਮਝ ਗਈ ਕਿ ਲੋਕ ਉਸਨੂੰ ਉਸ ਦੇ ਭਰਾ ਬਾਰੇ ਮਾੜੀ ਖਬਰ ਹੀ ਦੇਣ ਆਏ ਹਨ। ਓਹ ਕੁਲਵੰਤ ਦੀ ਖਬਰ ਨਾਲ ਤਾਂ ਦੁਖੀ ਸੀ ਹੀ ਪਰ ਉਸ ਨੂੰ ਆਪਣੀ ਭਰਜਾਈ ਬਾਰੇ ਵੀ ਚਿੰਤਾ ਹੋ ਰਹੀ ਸੀ।
“ਚਾਚੀ!!! ਚਾਚੀ ਭਾਬੀ ਦਰਵਾਜਾ ਨੀ ਖੋਲਦੀ!!!” ਜੀਤੀ ਕਹਿੰਦੀ ਹੋਈ ਰੋ ਪਈ।
ਜੀਤੀ ਘਬਰਾਈ ਹੋਈ ਸੀ।
ਪਿੰਡ ਦੇ ਬੰਦੇ ਅੱਗੇ ਹੋਏ ਅਤੇ ਭੱਜਦੇ ਹੋਏ ਅੰਦਰ ਵੜੇ। ਔਰਤਾਂ ਵੀ ਭੱਜਦੀਆਂ ਹੋਈਆਂ ਕਮਰੇ ਵੱਲ ਗਈਆਂ। ਜੀਤੀ ਪਰ ਦਰਵਾਜੇ ਕੋਲ ਹੀ ਖੜੀ ਰਹਿ ਗਈ। ਉਸਦੀ ਹਿੰਮਤ ਨਹੀਂ ਸੀ ਪੈ ਰਹੀ।
“ਤੂੰ ਵੀ ਆ ਜਾ ਜੀਤੀ, ਕਮਰੇ ਚ ਈ ਸੌਂ ਜਾ ਮੇਰੇ ਕੋਲ!” ਪ੍ਰੀਤ ਨੇ ਜੀਤੀ ਨੂੰ ਪਿਛਲੀ ਰਾਤ ਕਿਹਾ ਸੀ।
“ਨਈ ਭਾਬੀ ਬਾਹਲੀ ਈ ਓ ਗਰਮੀ ਆ ਮੈਂ ਤਾਂ ਵਿਹੜੇ ਚ ਈ ਮੰਜਾ ਡਾਅ ਲਿਆ!” ਜੀਤੀ ਨੇ ਜਵਾਬ ਦਿੱਤਾ ਸੀ।
ਦੇਰ ਰਾਤ ਜਦੋਂ ਦਰਵਾਜਾ ਖੜਕਿਆ ਸੀ ਤਾਂ ਜੀਤੀ ਗਹਿਰੀ ਨੀਂਦ ਵਿੱਚ ਸੀ। ਉਸ ਸਮੇਂ ਪ੍ਰੀਤ ਹੀ ਉੱਠ ਕੇ ਗਈ ਸੀ ਬਾਹਰ।
“ਮੈਂ ਹੀ ਆਈ ਸੀ ਭਾਈ ਰਾਤ!! ਇਨੂੰ ਦੱਸਣ ਕਿ ਖਬਰ ਕੋਈ ਮਾੜੀ ਈ ਲੱਗਦੀ ਆ!” ਪਿੰਡ ਦੇ ਸਰਪੰਚ ਦੀ ਘਰ ਵਾਲੀ ਨੇ ਕਿਹਾ ਸੀ।
“ਭੈਣੇ ਤੂੰ ਕਾਸ ਨੂੰ ਪਹਿਲੋਂ ਆਓਣਾ ਸੀ!!” ਦੂਸਰੀ ਔਰਤ ਬੋਲੀ।
ਬੰਦੇ ਦਰਵਾਜਾ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ। ਜੀਤੀ ਪਿੱਛੇ ਖੜੀ ਸੀ। ਉਸ ਦੇ ਦਿਮਾਗ ਵਿੱਚ ਇਹੀ ਚੱਲ ਰਿਹਾ ਸੀ ਕਿ ਖਬਨੀ ਕੀ ਕਰ ਲਿਆ ਹੋਣਾ ਉਸ ਦੀ ਭਰਜਾਈ ਨੇ!!
“ਕੁੱਛ ਨੀ ਕਰਦੀ ਮੈਂ! ਤੇਰੀ ਡੋਲੀ ਤੋਰੂੰ ਪੂਰੇ ਚਾਵਾਂ ਨਾਲ ਦੇਖੀਂ! ਇਸ ਵਾਰ ਤੇਰੇ ਵੀਰ ਨੂੰ ਆ ਲੈਣ ਦੇ!”
ਜਦੋਂ ਵੀ ਪ੍ਰੀਤ ਨੇ ਇਹ ਗੱਲ ਕਹਿਣੀ ਤਾਂ ਜੀਤੀ ਨੇ ਸ਼ਰਮਾਂ ਜਾਣਾ। ਪ੍ਰੀਤ ਜੀਤੀ ਨੂੰ ਬਹੁਤ ਪਿਆਰ ਨਾਲ ਰੱਖਦੀ ਸੀ। ਉਸਦੀ ਹਰ ਮੰਗ ਪੂਰੀ ਕਰਦੀ ਸੀ।
ਪਿਛਲੀ ਵਾਰ ਜਦੋਂ ਆਪਣੇ ਵੀਰ ਨਾਲ ਜੀਤੀ ਦੀ ਗੱਲ ਹੋਈ ਸੀ ਤਾਂ ਕੁਲਵੰਤ ਨੇ ਕਿਹਾ ਸੀ ਕਿ ਇਸ ਵਾਰ ਓਹ ਆਂਓਦਾ ਹੋਇਆ ਜੀਤੀ ਲਈ ਵਿਆਹ ਦਾ ਜੋੜਾ ਲੈ ਕੇ ਆਵੇਗਾ।
ਦਰਵਾਜਾ ਧੱਕਾ ਮਾਰ ਕੇ ਤੋੜਿਆ ਗਿਆ ਤਾਂ ਅੰਦਰ ਸਤੀਰੀ ਨਾਲ ਪ੍ਰੀਤ ਦੀ ਲਾਸ਼ ਲਮਕਦੀ ਹੋਈ ਮਿਲੀ। ਜੀਤੀ ਭੱਜਦੀ ਹੋਈ ਅੰਦਰ ਵੜੀ ਤਾਂ ਦੇਖਿਆ ਕਿ ਉਸਦੀ ਭਰਜਾਈ ਦੀ ਗਰਦਨ ਟੇਡੀ ਹੋਈ ਪਈ ਹੈ। ਓਹ ਚੁੰਨੀ ਨਾਲ ਲਮਕ ਰਹੀ ਹੈ। ਅੱਖਾਂ ਬਾਹਰ ਨੂੰ ਆਈਆਂ ਪਈਆਂ ਹਨ।
“ਭਾਬੀ!!!!! ਨਈ!!!!!!!” ਜੀਤੀ ਚੀਕੀ।
ਆਪਣੀ ਭਾਬੀ ਦੀਆਂ ਲੱਤਾਂ ਨਾਲ ਜੀਤੀ ਚਿੰਬੜ ਗਈ। ਸਾਰਾ ਪਿੰਡ ਬਾਹਰ ਇਕੱਠਾ ਹੋ ਗਿਆ ਸੀ।
“ਤੂੰ ਨੀ ਜਾ ਸਕਦੀ ਭਾਬੀ!!! ਵੀਰਾ ਵੀ ਚਲਿਆ ਗਿਆ!!!!” ਜੀਤੀ ਚੀਕੀ, “ਮੈਂ ਕੀਹਦੇ ਸਹਾਰੇ ਦਿਨ ਕੱਟਾਂ ਭਾਬੀ!!!!? ਮੈਂ ਕਿੱਥੇ ਜਾਵਾਂ!!! ਮੈਂ!!!! ਮੈਂ ਵੀ ਆ ਰਹੀ ਆ ਭਾਬੀ!!!!”
ਬੱਸ ਇੰਨਾ ਕਹਿ ਕੇ ਜੀਤੀ ਪਿੱਛੇ ਮੁੜੀ। ਇਸ ਤੋਂ ਪਹਿਲਾਂ ਕਿ ਕੋਈ ਕੁੱਛ ਵੀ ਸੋਚ ਪਾਂਓਦਾ, ਓਹ ਵਿਹੜੇ ਵਿੱਚ ਬਣੇ ਖੂਹ ਵੱਲ ਭੱਜੀ ਹੋਈ ਗਈ ਅਤੇ ਛਾਲ ਮਾਰ ਦਿੱਤੀ।
ਪਿੰਡ ਵਾਲੇ ਉਸਦੇ ਪਿੱਛੇ ਭੱਜੇ ਵੀ ਪਰ ਓਸ ਸਮੇਂ ਤੱਕ ਜੀਤੀ ਵੀ ਮਰ ਚੁੱਕੀ ਸੀ।
ਪਿੰਡ ਦੇ ਗੁਰੂ ਘਰ ਵਿੱਚ ਕੁਲਵੰਤ ਫੌਜੀ ਦੀ ਲਾਸ਼ ਪਹੁੰਚ ਚੁੱਕੀ ਸੀ। ਗੁਰੂ ਘਰ ਵਿੱਚੋਂ ਇਹ ਅਪੀਲ ਕੀਤੀ ਜਾ ਰਹੀ ਸੀ ਕਿ ਖੂਹ ਵਾਲਿਆਂ ਦੇ ਘਰੋਂ ਕਿਸੇ ਨੂੰ ਭੇਜਿਆ ਜਾਵੇ!
ਸਮਾਪਤ